ਇਨਕਮ ਟੈਕਸ ਵਿਭਾਗ (Income Tax Department) ਵੱਲੋਂ ਟੈਕਸਦਾਤਾਵਾਂ (taxpayers) ਲਈ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਅਪਡੇਟ 'ਚ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਵਿਭਾਗ ਵਲੋਂ ਜਲਦ ਹੀ ਕਈ ਇਨਕਮ ਟੈਕਸਦਾਤਾਵਾਂ (income taxpayers) ਨੂੰ ਨੋਟਿਸ ਭੇਜੇ ਜਾ ਸਕਦੇ ਹਨ। ਤਾਜ਼ਾ ਰਿਪੋਰਟ ਮੁਤਾਬਕ ਇਨਕਮ ਟੈਕਸ ਵਿਭਾਗ (Income Tax Department) ਨੇ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਹੈ।


ਸੀਬੀਡੀਟੀ ਦੇ ਚੇਅਰਮੈਨ ਨੇ ਦਿੱਤੀ ਇਹ ਜਾਣਕਾਰੀ 


ਈਟੀ ਦੀ ਰਿਪੋਰਟ ਮੁਤਾਬਕ ਵਿਭਾਗ ਉਨ੍ਹਾਂ ਟੈਕਸਦਾਤਾਵਾਂ ਨੂੰ ਵੀ ਨੋਟਿਸ ਭੇਜ ਸਕਦਾ ਹੈ, ਜਿਨ੍ਹਾਂ ਦਾ ਟੈਕਸ ਪਹਿਲਾਂ ਹੀ ਕੱਟਿਆ ਜਾ ਚੁੱਕਾ ਹੈ। ਰਿਪੋਰਟ 'ਚ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀਬੀਡੀਟੀ) ਦੇ ਚੇਅਰਮੈਨ ਨਿਤਿਨ ਗੁਪਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਨਕਮ ਟੈਕਸ ਵਿਭਾਗ ਟੈਕਸ ਨਾਲ ਜੁੜੇ ਵਿਵਾਦਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਇਨਕਮ ਟੈਕਸ ਵੱਲੋਂ ਸਿਰਫ ਉਨ੍ਹਾਂ ਟੈਕਸਦਾਤਾਵਾਂ ਨੂੰ ਨੋਟਿਸ ਮਿਲਣੇ ਹਨ, ਜਿਨ੍ਹਾਂ ਬਾਰੇ ਵਿਭਾਗ ਕੋਲ ਕੋਈ ਠੋਸ ਜਾਣਕਾਰੀ ਹੈ।


ਬਜਟ ਵਿੱਚ ਟੈਕਸ ਵਿਵਾਦਾਂ ਬਾਰੇ ਐਲਾਨ


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਹੀਨੇ 1 ਫਰਵਰੀ ਨੂੰ ਪੇਸ਼ ਕੀਤੇ ਬਜਟ ਦੌਰਾਨ ਟੈਕਸ ਵਿਵਾਦਾਂ ਨੂੰ ਘਟਾਉਣ ਲਈ ਇੱਕ ਨਵੀਂ ਪਹਿਲ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਵਿੱਤੀ ਸਾਲ 2009-10 ਤੱਕ 25 ਹਜ਼ਾਰ ਰੁਪਏ ਤੱਕ ਦੀ ਟੈਕਸ ਮੰਗ ਦੇ ਬਕਾਏ ਖ਼ਤਮ ਕਰ ਦਿੱਤੇ ਜਾਣਗੇ। ਇਸੇ ਤਰ੍ਹਾਂ 2010-11 ਤੋਂ 2014-15 ਦੇ ਸਮੇਂ ਦੌਰਾਨ 10,000 ਰੁਪਏ ਤੱਕ ਦੇ ਟੈਕਸ ਬਕਾਏ ਦੇ ਕੇਸਾਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਦਾ ਫਾਇਦਾ ਲਗਭਗ ਇਕ ਕਰੋੜ ਟੈਕਸਦਾਤਾਵਾਂ ਨੂੰ ਹੋ ਸਕਦਾ ਹੈ।


ਕਰਨਾਟਕ ਵਿੱਚ ਬਣਾਇਆ ਵਿਸ਼ੇਸ਼ ਕੇਂਦਰ 


ਆਮਦਨ ਕਰ ਵਿਭਾਗ ਨੇ ਟੈਕਸ ਵਿਵਾਦਾਂ ਲਈ ਕਰਨਾਟਕ ਦੇ ਮੈਸੂਰ ਵਿੱਚ ਇੱਕ ਡਿਮਾਂਡ ਮੈਨੇਜਮੈਂਟ ਸੈਂਟਰ ਸਥਾਪਤ ਕੀਤਾ ਹੈ। ਸੀਬੀਡੀਟੀ ਚੇਅਰਮੈਨ ਦਾ ਕਹਿਣਾ ਹੈ ਕਿ ਪਹਿਲਾਂ ਮੈਸੂਰ ਸਥਿਤ ਕੇਂਦਰ ਸਿਰਫ ਕਰਨਾਟਕ ਦੇ ਕੇਸਾਂ ਨੂੰ ਸੰਭਾਲਦਾ ਸੀ, ਪਰ ਹੁਣ ਕੇਂਦਰ ਪੂਰੇ ਦੇਸ਼ ਦੇ ਕੇਸਾਂ ਨੂੰ ਸੰਭਾਲ ਰਿਹਾ ਹੈ। ਇਹ ਕੇਂਦਰ 1 ਕਰੋੜ ਰੁਪਏ ਤੋਂ ਵੱਧ ਦੇ ਟੈਕਸ ਵਿਵਾਦ ਦੇ ਮਾਮਲਿਆਂ ਨਾਲ ਨਜਿੱਠਦਾ ਹੈ।


ਇਨ੍ਹਾਂ ਨੂੰ ਮਿਲਣ ਵਾਲਾ ਹੈ ਨੋਟਿਸ 


ਇਨਕਮ ਟੈਕਸ ਵਿਭਾਗ (Income Tax Department) ਦੀ ਤਾਜ਼ਾ ਤਿਆਰੀ 'ਚ ਉਨ੍ਹਾਂ ਟੈਕਸਦਾਤਾਵਾਂ ਨੂੰ ਨੋਟਿਸ ਮਿਲਣ ਵਾਲਾ ਹੈ, ਜਿਨ੍ਹਾਂ ਦਾ ਟੀਡੀਐੱਸ (TDS) ਭਾਵ ਕਿ ਸਰੋਤ 'ਤੇ ਟੈਕਸ ਕੱਟਿਆ ਗਿਆ ਹੈ, ਪਰ ਆਈਟੀਆਰ ਫਾਈਲ ਨਹੀਂ ਕੀਤੀ ਗਈ ਹੈ। ਮੁਲਾਂਕਣ ਸਾਲ 2023-24 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ ਖਤਮ ਹੋ ਗਈ ਹੈ। ਆਈਟੀਆਰ ਫਾਈਲ ਕਰਨ ਦੀ ਅੰਤਿਮ ਮਿਤੀ 31 ਜੁਲਾਈ 2023 ਤੱਕ ਸੀ। ਇਸ ਤੋਂ ਬਾਅਦ ਦੇਰੀ ਨਾਲ ਆਈ ਟੀ ਆਰ ਭਰਨ ਦਾ ਸਮਾਂ 31 ਦਸੰਬਰ 2023 ਤੱਕ ਸੀ।