Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਉਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚਿੱਟੇ ਨਾਲ ਘਰਾਂ 'ਚ ਸੱਥਰ ਵਿਛਾਉਣ ਵਾਲੇ, ਬੇਅਦਬੀਆਂ ਕਰਵਾਉਣ ਵਾਲੇ ਅੱਜ ਯਾਤਰਾ ਕੱਢ ਰਹੇ ਹਨ। ਇਹ ਪੰਜਾਬ ਨਹੀਂ, ਆਪਣੇ ਪਰਿਵਾਰ ਨੂੰ ਬਚਾਉਣ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਵੀ ਫ਼ੈਸਲਾ ਪੰਜਾਬ ਦੇ ਹੱਕ ਲਈ ਨਹੀਂ ਲਿਆ ਬਲਕਿ ਆਪਣੇ ਚਾਚੇ, ਭਤੀਜੇ, ਪੁੱਤ ਤੇ ਜੀਜੇ ਬਾਰੇ ਹੀ ਸੋਚਿਆ। ਲੋਕਾਂ ਦੇ ਫ਼ਾਇਦੇ ਬਾਰੇ ਕਦੇ ਨਹੀਂ ਸੋਚਿਆ।


 






ਸੀਐਮ ਭਗਵੰਤ ਮਾਨ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਸੀ, ਉਹ ਅਸੀਂ ਅੱਜ ਕਰ ਰਹੇ ਹਾਂ। ਲੋਕਾਂ ਨੂੰ ਚੰਗੀ ਸਿੱਖਿਆ ਦੇਣ ਲਈ ਸਕੂਲ ਤੇ ਸਿਹਤ ਸਹੂਲਤਾਂ ਲਈ ਹਸਪਤਾਲ ਬਣਾ ਰਹੇ ਹਾਂ। ਅਸੀਂ ਨਾਮ ਦੀ ਰਾਜਨੀਤੀ ਨਹੀਂ, ਕੰਮ ਦੀ ਰਾਜਨੀਤੀ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸੁਪਨਿਆਂ ਨੂੰ ਹਕੀਕਤ 'ਚ ਬਦਲਣਾ ਹੀ ਮੇਰਾ ਸੁਪਨਾ ਹੈ। 'ਰੰਗਲੇ ਪੰਜਾਬ' ਦੀ ਸਿਰਜਣਾ ਵਿੱਚ ਉਦਯੋਗ ਤੇ ਵਪਾਰ ਜਗਤ ਦਾ ਅਹਿਮ ਯੋਗਦਾਨ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਾਡੀ ਸਰਕਾਰ ਵਚਨਬੱਧ ਹੈ।



ਦਰਅਸਲ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ 'ਤੇ ਵੀ ਨਿਸ਼ਾਨਾ ਸਾਧਿਆ। ਸੀਐਮ ਮਾਨ ਨੇ ਕਿਹਾ ਕਿ ਲੋਕਾਂ ਨੇ ਸੰਨੀ ਦਿਓਲ ਨੂੰ ਸੰਸਦ ਮੈਂਬਰ ਚੁਣ ਕੇ ਗਲਤੀ ਕੀਤੀ ਹੈ।


ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਪੰਜਾਬ ਨੂੰ ਮਿਲਟਰੀ ਕਿਰਾਏ 'ਤੇ ਦਿੰਦਾ ਹੈ। ਇੱਕ ਹਫ਼ਤਾ ਮੁਫ਼ਤ ਤੇ ਫਿਰ 1 ਕਰੋੜ ਰੁਪਏ ਪ੍ਰਤੀ ਦਿਨ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਦੀਨਾਨਗਰ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਪੰਜਾਬ ਸਰਕਾਰ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ।



ਉਨ੍ਹਾਂ ਨੇ ਕਿਹਾ ਕਿ ਮਿਸਟਰ ਸੰਨੀ ਦਿਓਲ, ਇਹ ਕੋਈ 9 ਤੋਂ 5 ਵਾਲੀ ਨੌਕਰੀ ਨਹੀਂ। ਰਾਜਨੀਤੀ 24 ਘੰਟੇ ਦੀ ਡਿਊਟੀ ਹੈ। ਕੋਈ ਨਹੀਂ ਜਾਣਦਾ ਕਿ ਕਿਸ ਨੂੰ ਕਦੋਂ ਤਕਲੀਫ਼ ਹੋ ਜਾਵੇ। ਇਹ ਨਲਕੇ ਉਖਾੜਨ ਦੀ ਰਾਜਨੀਤੀ ਨਹੀਂ। ਉਹ ਸ਼ੂਟਿੰਗ ਤੇ ਮੱਥਾ ਟੇਕਣ ਲਈ ਦਰਬਾਰ ਸਾਹਿਬ ਆਉਂਦਾ ਹੈ ਪਰ ਇੱਥੇ 40 ਕਿਲੋਮੀਟਰ ਦੂਰ ਨਹੀਂ ਆ ਸਕਦਾ।