ਐਮਸਟ੍ਰਡਮ: ਨਸ਼ੇ ਦੀ ਲਤ ਦਾ ਇਲਾਜ ਕਰਵਾ ਰਹੇ 19 ਸਾਲਾ ਨੌਜਵਾਨ ਦੀ ਇਤਰ ਦੀ ਸੁਗੰਧੀ ਲੈਂਦਿਆਂ ਦੀ ਅਚਾਨਕ ਮੌਤ ਹੋ ਗਈ। ਦਰਅਸਲ, ਉਕਤ ਨੌਜਵਾਨ ਆਪਣੇ ਨਸ਼ੇ ਦੀ ਤੋਟ ਪੂਰੀ ਕਰਨ ਲਈ ਡੀਓਡ੍ਰੈਂਟ ਸੁੰਘ ਕੇ ਡੰਗ ਸਾਰ ਰਿਹਾ ਸੀ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਡਾਕਟਰਾਂ ਵੱਲੋਂ ਨੀਦਰਲੈਂਡ ਵਿੱਚ ਇਸ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਵੱਖ-ਵੱਖ ਕੈਮੀਕਲ ਸੁੰਘ ਕੇ ਨਸ਼ਾ ਕਰਨ ਦਾ ਆਦੀ ਸੀ। ਡਾਕਟਰਾਂ ਮੁਤਾਬਕ ਨਸ਼ਾ ਛੁਡਾਊ ਕੇਂਦਰ ਵਿੱਚ ਉਸ ਨੌਜਵਾਨ ਦੇ ਨਸ਼ੇੜੀ ਦੇ ਨਾਲ ਨਾਲ ਮਾਨਸਿਕ ਰੋਗੀ ਹੋਣ ਬਾਰੇ ਪਤਾ ਲੱਗਾ। ਮ੍ਰਿਤਕ ਨੌਜਵਾਨ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਭੰਗ ਤੇ ਕੇਟਾਮਾਈਨ ਨਸ਼ੇ ਦਾ ਇਲਾਜ ਚੱਲ ਰਿਹਾ ਸੀ, ਪਰ ਉਹ ਚੋਰੀ ਆਪਣੇ ਸਿਰ 'ਤੇ ਤੌਲੀਆ ਰੱਖ ਕੇ ਡੀਓਡ੍ਰੈਂਟ ਸਪਰੇਅ ਨੂੰ ਸੁੰਘ ਰਿਹਾ ਸੀ। ਇਸ ਦੌਰਾਨ ਉਹ ਪਹਿਲਾਂ ਹਲਕਾ, ਖ਼ੁਸ਼ ਅਤੇ ਝੂਮ ਰਿਹਾ ਸੀ ਪਰ ਅਚਾਨਕ ਬੇਹੱਦ ਭੜਕ ਗਿਆ। ਉਨ੍ਹਾਂ ਦੱਸਿਆ ਕਿ ਅਚਾਨਕ ਉਸ ਨੇ ਬੈੱਡ 'ਤੇ ਕੁੱਦਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ। ਡਾਕਟਰਾਂ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਉਸ ਦੀ ਮੌਤ ਹੋ ਗਈ।