ਨਵੀਂ ਦਿੱਲੀ: ਕਰਨਾਟਕ ਵਿੱਚ, ਅਣਪਛਾਤੇ ਵਿਅਕਤੀਆਂ ਨੇ ਬੋਨਟ ਮੈਕਾਕ ਪ੍ਰਜਾਤੀ ਦੇ ਬਾਂਦਰਾਂ ਦੇ ਇੱਕ ਸਮੂਹ ਨੂੰ ਕਥਿਤ ਤੌਰ 'ਤੇ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਘਟਨਾ ਵਿੱਚ ਮੈਕਾਕ ਪ੍ਰਜਾਤੀ ਦੇ 38 ਬਾਂਦਰਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਬਾਂਦਰ ਨੂੰ ਡਾਕਟਰੀ ਦੇਖਭਾਲ ਤੋਂ ਬਾਅਦ ਬਚਾਇਆ ਗਿਆ ਹੈ। ਬੋਨਟ ਮੈਕਾਕ ਨੂੰ ਜ਼ਹਿਰ ਦੇਣ ਤੋਂ ਇਲਾਵਾ ਅਣਪਛਾਤੇ ਵਿਅਕਤੀਆਂ ਨੇ ਬੋਰੀ ਵਿੱਚ ਬੰਨ੍ਹ ਕੇ ਕੁੱਟਿਆ, ਜਿਸ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਕੋਰਟ ਨੇ ਇਸ ਮਾਮਲੇ ਤੇ ਨੋਟਿਸ ਲਿਆ ਤੇ ਹੁਣ 4 ਅਗਸਤ ਨੂੰ ਇਸ ਤੇ ਸੁਣਵਾਈ ਹੋਏਗੀ।

ਬਾਂਦਰਾਂ ਦੀਆਂ ਲਾਸ਼ਾਂ ਬੀਤੇ ਬੁੱਧਵਾਰ ਰਾਤ ਨੂੰ 9.30 ਤੇ 10.30 ਦੇ ਵਿਚਕਾਰ ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਬੇਲੂਰ ਤਾਲੁਕ ਦੇ ਅਰੇਹਾਲੀ ਹੋਬਲੀ ਦੇ ਚੌਡੇਨਹੱਲੀ ਦੀ ਇੱਕ ਸੜਕ 'ਤੇ ਮਿਲੀਆਂ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਚੌਦੇਨਹੱਲੀ ਦੇ ਗ੍ਰਾਮ ਪੰਚਾਇਤ ਮੈਂਬਰ ਤੇਜਸ ਨੇ ਬੋਰੇ ਦੇ ਕੋਲ ਇਕੱਲੇ ਬਾਂਦਰ ਨੂੰ ਬੈਠੇ ਵੇਖਿਆ। ਜਦੋਂ ਬੋਰੀ ਖੋਲ੍ਹੀ ਗਈ, ਬੋਨਟ ਮੈਕਾਕ ਦੀਆਂ ਲਾਸ਼ਾਂ ਮਿਲੀਆਂ।

15 ਬਾਂਦਰ ਭੱਜਣ ਵਿੱਚ ਕਾਮਯਾਬ ਰਹੇ
ਪਸ਼ੂ ਭਲਾਈ ਸੰਗਠਨ ਅਖਿਲ ਕਰਨਾਟਕ ਪ੍ਰਾਣ ਦਯਾ ਸੰਘ ਦੇ ਮੈਂਬਰ ਮੌਕੇ 'ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕੀਤਾ। ਜਦੋਂ ਬੈਗ ਖੋਲ੍ਹਿਆ ਗਿਆ ਤਾਂ ਲਗਪਗ 15 ਬਾਂਦਰ ਭੱਜਣ ਵਿੱਚ ਕਾਮਯਾਬ ਹੋ ਗਏ। ਹਸਨ ਦੇ ਜੰਗਲਾਤ ਦੇ ਉਪ ਕੰਜ਼ਰਵੇਟਰ ਬਸਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਬੇਲੂਰ ਤਾਲੁਕ ਤੋਂ ਬਾਹਰ ਦੇ ਲੋਕਾਂ ਨੇ ਬਾਂਦਰਾਂ ਨੂੰ ਮਾਰਿਆ ਹੈ। ਬੇਲੂਰ ਵਿੱਚ ਬਾਂਦਰਾਂ ਦੇ ਖਤਰੇ ਦੀ ਕੋਈ ਰਿਪੋਰਟ ਨਹੀਂ ਸੀ। ਬਸਵਰਾਜ ਨੇ ਕਿਹਾ ਕਿ ਬੋਨਟ ਮੈਕਾਕ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅਨੁਸੂਚੀ-2 ਦੇ ਅਧੀਨ ਆਉਂਦੇ ਹਨ।

ਕਾਤਲਾਂ 'ਤੇ 20 ਹਜ਼ਾਰ ਦਾ ਇਨਾਮ
15 ਬੋਨਟ ਮੈਕਾਕਸ ਦੇ ਭੱਜਣ 'ਤੇ ਡੀਸੀਐਫ ਨੇ ਕਿਹਾ ਕਿ ਅਸੀਂ ਆਲੇ ਦੁਆਲੇ ਭਾਲ ਕੀਤੀ, ਪਰ ਹੁਣ ਤੱਕ ਕੋਈ ਮੁਰਦਾ ਬਾਂਦਰ ਨਹੀਂ ਮਿਲਿਆ। ਉਥੇ ਮੌਜੂਦ ਆਲ ਕਰਨਾਟਕ ਪ੍ਰਾਣ ਦਯਾ ਸੰਘ ਦੇ ਮੈਂਬਰ ਨੇ ਕਿਹਾ ਕਿ ਮ੍ਰਿਤਕ ਬੋਨਟ ਮੈਕਾਕ ਵਿੱਚ ਮਾਂ, ਬੱਚੇ, ਨੌਜਵਾਨ ਤੇ ਬੁੱਢੇ ਸ਼ਾਮਲ ਹਨ। ਆਲ ਕਰਨਾਟਕ ਪ੍ਰਾਣ ਦਯਾ ਸੰਘ ਦੇ ਸਕੱਤਰ ਸੁਨੀਲ ਦੁਗਾਰੇ ਨੇ ਪਸ਼ੂਆਂ ਨੂੰ ਜ਼ਹਿਰ ਦੇਣ ਵਾਲੇ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਹਿੰਦੂ ਰੀਤੀ ਰਿਵਾਜ਼ਾਂ ਨਾਲ ਅੰਤਮ ਸੰਸਕਾਰ
ਚੌਦੇਨਹੱਲੀ ਦੇ ਪਿੰਡ ਵਾਸੀਆਂ ਨੇ ਜੰਗਲਾਤ ਅਧਿਕਾਰੀਆਂ ਦੇ ਰਵੱਈਏ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਜੰਗਲਾਤ ਅਧਿਕਾਰੀ ਤੇ ਪਸ਼ੂ ਚਿਕਿਤਸਕ ਮੌਕੇ 'ਤੇ ਪਹੁੰਚ ਜਾਂਦੇ, ਤਾਂ ਸੰਭਾਵਨਾ ਸੀ ਕਿ ਕੁਝ ਬੋਨਟ ਮੈਕਾਕਸ ਬਚ ਜਾਂਦੇ। ਬੀਤੇ ਵੀਰਵਾਰ ਨੂੰ ਚੌਦੇਨਹੱਲੀ ਦੇ ਸਥਾਨਕ ਲੋਕਾਂ ਨੇ ਮਿਲ ਕੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਪਸ਼ੂਆਂ ਦਾ ਅੰਤਿਮ ਸੰਸਕਾਰ ਕੀਤਾ।