ਇੱਕ ਆਦਮੀ ਦੀਆਂ 78 ਪਤਨੀਆਂ ਸਨ। ਉਸ ਦੀਆਂ ਪਤਨੀਆਂ ਦੀ ਸੂਚੀ 'ਚ 12 ਸਾਲ ਤੱਕ ਦੀਆਂ ਕੁੜੀਆਂ ਵੀ ਸ਼ਾਮਲ ਸਨ। ਹੁਣ ਉਸ ਬਾਰੇ ਨੈੱਟਫਲਿਕਸ 'ਤੇ ਇਕ ਡਾਕੂਮੈਂਟਰੀ ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਉਸ ਦੇ ਸਾਰੇ ਕਾਲੇ ਕਾਰਨਾਮੇ ਉਜਾਗਰ ਹੋਣਗੇ।


ਇਸ ਵਿਅਕਤੀ ਦਾ ਨਾਂ ਵਾਰੇਨ ਜੇਫ਼ਸ (Warren Jeffs) ਹੈ। ਫਿਲਹਾਲ 66 ਸਾਲਾ ਵਾਰੇਨ ਬਾਲ ਜਿਨਸੀ ਸ਼ੋਸ਼ਣ ਲਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰ ਇੱਕ ਸਮਾਂ ਸੀ, ਜਦੋਂ ਉਸ ਦੀ ਆਪਣੀ ਇੱਕ ਵੱਖਰੀ ਚੌਧਰ ਚੱਲਦੀ ਸੀ। ਉਸ ਦੇ ਚੇਲੇ ਉਸ ਨੂੰ ਰੱਬ ਦਾ ਦੂਤ ਮੰਨਦੇ ਸਨ। ਉਸ ਨੇ ਦਰਜਨਾਂ ਵਿਆਹ ਹੀ ਨਹੀਂ ਕੀਤੇ, ਸਗੋਂ ਕਈ ਕੁੜੀਆਂ ਦਾ ਸ਼ੋਸ਼ਣ ਵੀ ਕੀਤਾ ਸੀ।


'ਡੇਲੀ ਸਟਾਰ' ਵਿੱਚ ਛਪੀ ਖ਼ਬਰ ਮੁਤਾਬਕ ਅਖੌਤੀ ਧਰਮ ਪ੍ਰਚਾਰਕ ਵਾਰੇਨ ਜੇਫ਼ਸ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦਾ ਸੀ। 90 ਦੇ ਦਹਾਕੇ 'ਚ ਉਸ ਦੇ 10,000 ਤੋਂ ਵੱਧ ਫਾਲੋਅਰਜ਼ ਸਨ। ਉਸ ਦੇ ਫ਼ਾਰਮ ਹਾਊਸ 'ਚ ਕਰੀਬ 500 ਬੱਚੇ ਅਤੇ ਔਰਤਾਂ ਰਹਿੰਦੇ ਸਨ। ਇਸ ਦੌਰਾਨ ਉਸ ਨੇ 12 ਸਾਲ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ। ਉਸ ਨੇ ਇਸ ਵਿਆਹ ਨੂੰ 'ਰੂਹਾਨੀ ਵਿਆਹ' ਦੱਸਿਆ ਸੀ।


ਦਰਜਨਾਂ ਕੁੜੀਆਂ ਦਾ ਕੀਤਾ ਸੀ ਸ਼ੋਸ਼ਣ


ਵਾਰੇਨ ਨੇ ਇਕ-ਦੋ ਨਹੀਂ ਸਗੋਂ ਦਰਜਨਾਂ ਕੁੜੀਆਂ ਦਾ ਸ਼ੋਸ਼ਣ ਕੀਤਾ ਸੀ। ਉਸ ਦੀਆਂ ਪਤਨੀਆਂ ਦੀ ਸੂਚੀ 'ਚ ਜਵਾਨ ਕੁੜੀਆਂ ਵੀ ਸ਼ਾਮਲ ਸਨ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਵਾਰੇਨ ਦੀਆਂ ਲਗਭਗ 78 ਪਤਨੀਆਂ ਸਨ। ਜਿਨ੍ਹਾਂ ਵਿੱਚੋਂ 24 ਪਤਨੀਆਂ ਦਾ ਵਿਆਹ ਸਿਰਫ਼ 17-18 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ।


ਹਾਲਾਂਕਿ ਉਸ ਦੀ ਚੌਧਰ ਜ਼ਿਆਦਾ ਦੇਰ ਨਹੀਂ ਚੱਲ ਸਕੀ ਅਤੇ ਕਈ ਸ਼ਿਕਾਇਤਾਂ ਤੋਂ ਬਾਅਦ ਉਹ ਅਮਰੀਕੀ ਜਾਂਚ ਏਜੰਸੀ ਐਫਬੀਆਈ ਦੇ ਰਡਾਰ 'ਤੇ ਆ ਗਿਆ। ਬਾਅਦ 'ਚ ਉਸ ਨੂੰ ਮੋਸਟ ਵਾਂਟੇਡ ਦੀ ਸੂਚੀ 'ਚ ਪਾ ਦਿੱਤਾ ਗਿਆ। ਉਸ ਨੂੰ ਸਾਲ 2006 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਸਾਲ ਬਾਅਦ ਉਸ ਦੇ ਫ਼ਾਰਮ ਹਾਊਸ 'ਤੇ ਛਾਪਾ ਮਾਰ ਕੇ ਸਾਰੇ ਬੱਚਿਆਂ/ਔਰਤਾਂ ਨੂੰ ਰਿਹਾਅ ਕਰਵਾ ਦਿੱਤਾ ਗਿਆ ਸੀ।
ਵਾਰੇਨ ਦੇ ਚੁੰਗਲ 'ਚੋਂ ਨਿਕਲੇ ਕਈ ਲੋਕਾਂ ਨੇ ਦੱਸਿਆ ਕਿ ਇੱਥੇ ਕੋਈ ਆਧੁਨਿਕ ਸੁੱਖ-ਸਹੂਲਤ ਨਹੀਂ ਸੀ। ਟੀਵੀ, ਇੰਟਰਨੈੱਟ, ਸੰਗੀਤ ਆਦਿ ਕੁਝ ਵੀ ਨਹੀਂ ਸੀ। ਉੱਥੇ ਬੜਾ ਅਜੀਬ ਮਾਹੌਲ ਸੀ। ਲੋਕਾਂ ਨੂੰ ਬਾਹਰਲੀ ਦੁਨੀਆਂ ਤੋਂ ਦੂਰ ਰੱਖਿਆ ਜਾਂਦੀ ਸੀ। ਵਾਰੇਨ ਦਾ ਸਾਰਿਆਂ ਉੱਤੇ ਕੰਟਰੋਲ ਸੀ। ਔਰਤਾਂ ਨੂੰ ਜ਼ਿਆਦਾ ਮੇਕਅੱਪ ਕਰਨ ਦੀ ਇਜਾਜ਼ਤ ਨਹੀਂ ਸੀ।


ਵਾਰੇਨ ਦੀ ਇੱਕ ਪਤਨੀ ਤੋਂ ਪੈਦਾ ਹੋਏ ਬੇਟੇ Wendell Jeffson ਨੇ ਕਿਹਾ, "ਮੈਂ 15 ਸਾਲ ਦੀ ਉਮਰ ਦੀਆਂ ਮਾਵਾਂ ਨਾਲ ਵੱਡਾ ਹੋਇਆ ਹਾਂ। ਵਾਰੇਨ ਨੇ 12 ਸਾਲ ਦੀ ਉਮਰ ਤੱਕ ਦੀ ਕੁੜੀ ਨਾਲ ਵਿਆਹ ਕਰਵਾਇਆ ਅਤੇ ਮੈਨੂੰ ਦੱਸਿਆ ਗਿਆ ਕਿ ਰਿਸ਼ਤੇ 'ਚ ਇਰ ਕੁੜੀ ਮੇਰੀ ਮਾਂ ਹੈ।"