8 lakh monthly salary and 2 days leave for 'peon' here : ਸਾਡੇ ਦੇਸ਼ 'ਚ ਸਫ਼ਾਈ ਮੁਲਾਜ਼ਮਾਂ ਅਤੇ ਚਪੜਾਸੀ ਦਾ ਕੰਮ ਬਹੁਤ ਛੋਟਾ ਸਮਝਿਆ ਜਾਂਦਾ ਹੈ ਪਰ ਸਾਡੇ ਸਮਾਜ 'ਚ ਉਹ ਇਕ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਤਨਖਾਹ ਵੀ ਬਹੁਤ ਘੱਟ ਹੈ, ਪਰ ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿੱਥੇ ਸਫ਼ਾਈ ਆਦਿ ਕਰਨ ਵਾਲੇ ਲੋਕਾਂ ਨੂੰ ਬੰਪਰ ਤਨਖਾਹ ਮਿਲ ਰਹੀ ਹੈ ਪਰ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹੈ।


ਸਫ਼ਾਈ ਕਰਨ ਵਾਲਿਆਂ ਦੀ ਭਾਰੀ ਕਮੀ
ਡੇਲੀ ਟੈਲੀਗ੍ਰਾਫ਼ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ 'ਚ ਇਨ੍ਹੀਂ ਦਿਨੀਂ ਸਫ਼ਾਈ ਦਾ ਕੰਮ ਕਰਨ ਵਾਲੇ ਲੋਕਾਂ ਦੀ ਭਾਰੀ ਕਮੀ ਹੈ, ਜਿਸ ਕਾਰਨ ਉੱਥੇ ਉਨ੍ਹਾਂ ਦੀ ਤਨਖਾਹ ਕਾਫ਼ੀ ਵੱਧ ਗਈ ਹੈ। ਕੁਝ ਕੰਪਨੀਆਂ ਇੰਨੀਆਂ ਪ੍ਰੇਸ਼ਾਨ ਹੋ ਗਈਆਂ ਕਿ ਉਨ੍ਹਾਂ ਨੇ ਸਫ਼ਾਈ ਸੇਵਕਾਂ ਦੀ ਤਨਖਾਹ ਪ੍ਰਤੀ ਘੰਟਾ ਦੇ ਹਿਸਾਬ ਨਾਲ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ, ਪਰ ਹਾਲਾਤ ਉਸੇ ਤਰ੍ਹਾਂ ਹੀ ਬਣੇ ਹੋਏ ਹਨ।


ਇਹ ਸਾਲ ਦਾ ਇਹ ਪੈਕੇਜ
ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਆਸਟ੍ਰੇਲੀਆ 'ਚ ਸਫ਼ਾਈ ਸੇਵਕਾਂ ਨੂੰ 8 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਦਾ ਪੈਕੇਜ ਦਿੱਤਾ ਜਾ ਰਿਹਾ ਹੈ। ਜੇਕਰ ਕੋਈ ਇਸ 'ਚ ਦਿਲਚਸਪੀ ਰੱਖਦਾ ਹੈ ਤਾਂ ਇੰਟਰਵਿਊ ਤੋਂ ਬਾਅਦ ਉਨ੍ਹਾਂ ਦਾ ਪੈਕੇਜ 72 ਲੱਖ ਤੋਂ 1 ਕਰੋੜ ਤੱਕ ਤੈਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਫ਼ਤੇ 'ਚ ਸਿਰਫ਼ 5 ਦਿਨ ਕੰਮ ਕਰਨਾ ਹੋਵੇਗਾ ਤੇ 2 ਦਿਨ ਦੀ ਛੁੱਟੀ ਮਿਲੇਗੀ। ਸਭ ਤੋਂ ਵੱਡੀ ਰਾਹਤ ਇਹ ਹੈ ਕਿ ਸਫ਼ਾਈ ਸੇਵਕਾਂ ਤੋਂ ਦਿਨ 'ਚ 8 ਘੰਟੇ ਤੋਂ ਵੱਧ ਕੰਮ ਨਹੀਂ ਕਰਵਾਇਆ ਜਾ ਸਕਦਾ।


3600 ਪ੍ਰਤੀ ਘੰਟਾ ਮਿਲਣਗੇ
ਸਿਡਨੀ ਸਥਿੱਤ ਸਫ਼ਾਈ ਕੰਪਨੀ Absolute Domestics ਦੇ ਮੈਨੇਜਿੰਗ ਡਾਇਰੈਕਟਰ ਜੋਅ ਵੇਸ ਇਨ੍ਹੀਂ ਦਿਨੀਂ ਸਟਾਫ਼ ਦੀ ਕਮੀ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਹਰੇਕ ਕੋਸ਼ਿਸ਼ ਕੀਤੀ ਪਰ ਕਰਮਚਾਰੀ ਨਹੀਂ ਮਿਲੇ। ਇਸ ਕਾਰਨ ਉਸ ਨੇ ਹੁਣ ਹੋਰ ਪੈਸੇ ਦੇਣ ਦੀ ਯੋਜਨਾ ਬਣਾਈ ਹੈ। ਜੇਕਰ ਕੋਈ ਸਵੀਪਰ ਕੰਮ ਕਰਦਾ ਹੈ ਤਾਂ ਉਹ ਇੱਕ ਘੰਟੇ 'ਚ 3600 ਰੁਪਏ ਤੱਕ ਕਮਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਮੁਲਾਜ਼ਮਾਂ ਵਾਂਗ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।


2021 ਤੋਂ ਆ ਰਹੀ ਪ੍ਰੇਸ਼ਾਨੀ
ਵੇਸ ਮੁਤਾਬਕ ਇਹ ਸਮੱਸਿਆ ਨਵੀਂ ਨਹੀਂ ਹੈ। ਸਾਲ 2021 ਤੋਂ ਉਹ ਸਫ਼ਾਈ ਕਰਮਚਾਰੀਆਂ ਨੂੰ ਲੈ ਕੇ ਪ੍ਰੇਸ਼ਾਨ ਹਨ। ਪਹਿਲਾਂ ਉਨ੍ਹਾਂ ਨੂੰ ਔਸਤਨ 2700 ਪ੍ਰਤੀ ਘੰਟਾ ਮਿਲਦੇ ਸਨ, ਪਰ ਹੁਣ ਉਨ੍ਹਾਂ ਨੂੰ 3500 ਤੋਂ ਵੱਧ ਦੇਣੇ ਪੈ ਰਹੇ ਹਨ। ਦੂਜੀਆਂ ਕੰਪਨੀਆਂ ਨਾਲ ਵੀ ਇਹੀ ਸਮੱਸਿਆ ਹੈ। ਉਹ ਸਫ਼ਾਈ ਸੇਵਕਾਂ ਦੀ ਭਰਤੀ ਲਈ ਲਗਾਤਾਰ ਇਸ਼ਤਿਹਾਰ ਕੱਢ ਰਹੀਆਂ ਹਨ, ਪਰ ਉਨ੍ਹਾਂ ਨੂੰ ਕੋਈ ਕੰਮ ਕਰਨ ਵਾਲਾ ਨਹੀਂ ਮਿਲ ਰਿਹਾ।