ਜੇਕਰ ਤੁਹਾਨੂੰ ਇੱਕ ਵਾਰ ਵਿੱਚ 286 ਮਹੀਨਿਆਂ ਦੀ ਤਨਖਾਹ ਮਿਲਦੀ ਹੈ ਤਾਂ ਤੁਸੀਂ ਕੀ ਕਰੋਗੇ? ਹਾਲਾਂਕਿ ਇਹ ਸਵਾਲ ਅਜੀਬ ਹੈ ਕਿਉਂਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚਿਲੀ ਦੀ ਹੈ, ਜਿੱਥੇ ਇਕ ਕੰਪਨੀ ਨੇ ਗਲਤੀ ਨਾਲ ਆਪਣੇ ਇਕ ਕਰਮਚਾਰੀ ਦੇ ਖਾਤੇ 'ਚ 286 ਮਹੀਨਿਆਂ ਦੀ ਤਨਖਾਹ ਇੱਕ ਵਾਰ 'ਚ ਭੇਜ ਦਿੱਤੀ।  


ਵਾਪਸ ਕਰਨ ਦਾ ਵਾਅਦਾ ਕਰਕੇ ਹੋਇਆ ਗਾਇਬ 
ਮਜ਼ੇਦਾਰ ਗੱਲ ਇਹ ਹੈ ਕਿ ਕਰਮਚਾਰੀ ਨੇ ਪਹਿਲਾਂ ਕੰਪਨੀ ਨਾਲ ਵਾਅਦਾ ਕੀਤਾ ਸੀ ਕਿ ਉਹ ਪੈਸੇ ਵਾਪਸ ਕਰ ਦੇਵੇਗਾ, ਪਰ ਇਸ ਤੋਂ ਬਾਅਦ ਉਹ ਗਾਇਬ ਹੋ ਗਿਆ। ਜਦੋਂ ਕੰਪਨੀ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਕਰਮਚਾਰੀ ਨਾਲ ਸੰਪਰਕ ਕੀਤਾ। ਕਰਮਚਾਰੀ ਨੇ ਕੰਪਨੀ ਨੂੰ ਕਿਹਾ ਕਿ ਉਸ ਨੂੰ ਜੋ ਵੀ ਵਾਧੂ ਪੈਸਾ ਮਿਲਿਆ ਹੈ, ਉਹ ਵਾਪਸ ਕਰ ਦੇਵੇਗਾ। ਹਾਲਾਂਕਿ ਕਰਮਚਾਰੀ ਆਪਣੇ ਵਾਅਦੇ 'ਤੇ ਖਰਾ ਨਹੀਂ ਉਤਰਿਆ। ਉਹ ਨੇ ਕੰਪਨੀ ਨੂੰ ਅਸਤੀਫਾ ਭੇਜ ਕੇ ਪੈਸੇ ਲੈਕੇ ਫਰਾਰ ਹੋ ਗਿਆ।  


ਕੰਪਨੀ ਨੇ ਭੇਜੇ ਕਰੋੜਾਂ ਰੁਪਏ  
ਰਿਪੋਰਟਾਂ ਮੁਤਾਬਕ ਇਹ ਘਟਨਾ Consorcio Industrial de Alimentos (CIAL) ਦੀ ਹੈ। ਇਸ ਨੂੰ ਚਿਲੀ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਈ ਮਹੀਨੇ 'ਚ ਕੰਪਨੀ ਨੇ ਗਲਤੀ ਨਾਲ ਇਕ ਕਰਮਚਾਰੀ ਨੂੰ 5 ਲੱਖ ਪੇਸੋ ਦੀ ਬਜਾਏ 16.54 ਕਰੋੜ ਪੇਸੋ ਯਾਨੀ ਕਰੀਬ 1.42 ਕਰੋੜ ਰੁਪਏ ਤਨਖਾਹ ਦੇ ਰੂਪ 'ਚ ਭੇਜ ਦਿੱਤੇ ਸਨ। ਜਦੋਂ ਕੰਪਨੀ ਦੇ ਪ੍ਰਬੰਧਕਾਂ ਨੇ ਰਿਕਾਰਡ ਚੈੱਕ ਕੀਤਾ ਤਾਂ ਇਹ ਗਲਤੀ ਸਾਹਮਣੇ ਆਈ।



ਗਲਤੀ ਦਾ ਪਤਾ ਲੱਗਣ ਤੋਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਨੇ ਕਰਮਚਾਰੀ ਨਾਲ ਗੱਲ ਕੀਤੀ। ਕੰਪਨੀ ਨੇ ਕਿਹਾ ਕਿ ਗਲਤੀ ਨਾਲ ਉਸ ਨੂੰ 286 ਮਹੀਨਿਆਂ ਦੀ ਤਨਖਾਹ ਇੱਕੋ ਵਾਰ ਭੇਜ ਦਿੱਤੀ ਗਈ ਹੈ। ਇਸ ਤੋਂ ਬਾਅਦ ਕਰਮਚਾਰੀ ਬੈਂਕ ਗਿਆ ਅਤੇ ਵਾਧੂ ਪੈਸੇ ਵਾਪਸ ਕਰਨ ਦੀ ਗੱਲ ਕੀਤੀ। ਹਾਲਾਂਕਿ ਅਜਿਹਾ ਨਹੀਂ ਹੋਇਆ। ਕੰਪਨੀ ਇੰਤਜ਼ਾਰ ਕਰਦੀ ਰਹੀ ਅਤੇ ਪੈਸਿਆਂ ਦੀ ਬਜਾਏ ਮੁਲਾਜ਼ਮ ਦਾ ਅਸਤੀਫਾ ਮਿਲ ਗਿਆ। ਪਹਿਲਾ ਕਰਮਚਾਰੀ ਲਾਪਤਾ ਹੋ ਗਿਆ ਅਤੇ ਕੰਪਨੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਕੁਝ ਦਿਨਾਂ ਬਾਅਦ ਜਦੋਂ ਗੱਲ ਹੋਈ ਤਾਂ ਉਹ ਫਿਰ ਬੈਂਕ ਗਿਆ ਅਤੇ ਪੈਸੇ ਵਾਪਸ ਕਰਨ ਦੀ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 02 ਜੂਨ ਨੂੰ ਆਪਣਾ ਅਸਤੀਫਾ ਕੰਪਨੀ ਨੂੰ ਭੇਜ ਦਿੱਤਾ।



ਤਾਜ਼ਾ ਖਬਰਾਂ ਮੁਤਾਬਕ ਹੁਣ ਕੰਪਨੀ ਨੇ ਇਸ ਮਾਮਲੇ 'ਚ ਕਾਨੂੰਨੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਪੈਸੇ ਵਾਪਸ ਲੈਣ ਲਈ ਪਹਿਲਾਂ ਹੀ ਸਰਕਾਰੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ। ਕੰਪਨੀ ਨੇ ਉਕਤ ਕਰਮਚਾਰੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਰਾਹ ਅਖਤਿਆਰ ਕੀਤਾ ਹੈ।