ਭੋਪਾਲ: ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ਬਟਿਆਗੜ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਪਦਾਜੀਰ ਦੀ ਰਹਿਣ ਵਾਲੀ 45 ਸਾਲਾਂ ਦੀ ਇਕ ਮਹਿਲਾਂ ਦੀ ਨਵਜੰਮੇ ਬੱਚੇ ਸਮੇਤ ਜਣੇਪੇ ਤੋਂ ਬਾਅਦ ਮੌਤ ਹੋ ਗਈ।ਇਹ ਔਰਤ ਦਾ 16ਵਾਂ ਬੱਚਾ ਸੀ।


ਸਿਹਤ ਵਿਭਾਗ ਅਨੁਸਾਰ ਸੁਕਰਾਨੀ ਅਹੀਰਵਰ (45) ਨਾਮ ਦੀ ਮਹਿਲਾਂ ਨੇ ਕੱਲ੍ਹ ਪਿੰਡ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਦੋਵਾਂ ਦੀ ਸਿਹਤ ਖਰਾਬ ਹੋਣ ਲੱਗੀ। ਦੋਵਾਂ ਨੂੰ ਹਟਾ ਦੇ ਪ੍ਰਾਇਮਰੀ ਹੈਲਥ ਸੈਂਟਰ ਲਿਆਂਦਾ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਦੋਵਾਂ ਦੀ ਮੌਤ ਹੋ ਗਈ। ਹਟਾ ਪਹੁੰਚਣ 'ਤੇ ਸਿਹਤ ਕੇਂਦਰ ਦੇ ਡਾਕਟਰਾਂ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕੀਤੀ।


ਗ੍ਰਾਮ ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਸਿਹਤ ਵਿਭਾਗ ਨੇ ਦੱਸਿਆ ਕਿ ਇਹ ਔਰਤ ਦਾ 16ਵਾਂ ਬੱਚਾ ਸੀ। ਇਸ ਤੋਂ ਪਹਿਲਾਂ ਦੇ 15 ਬੱਚਿਆਂ ਵਿਚੋਂ, ਚਾਰ ਪੁੱਤਰ ਅਤੇ ਚਾਰ ਧੀਆਂ ਅਰਥਾਤ ਕੁੱਲ ਅੱਠ ਬੱਚੇ ਜ਼ਿੰਦਾ ਹਨ। ਬਾਕੀ ਸੱਤ ਦੀ ਮੌਤ ਹੋ ਗਈ ਹੈ।


ਦਮੋਹ ਜ਼ਿਲ੍ਹੇ ਦੀ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਸੰਗੀਤਾ ਤ੍ਰਿਵੇਦੀ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਯੋਜਨਾਬੰਦੀ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ, ਇਹ ਚਿੰਤਾ ਦਾ ਵਿਸ਼ਾ ਹੈ ਕਿ ਔਰਤ ਦੀ ਪਰਿਵਾਰਕ ਯੋਜਨਾਬੰਦੀ ਨਹੀਂ ਹੋਈ।