ਸ਼ਿਕਾਗੋ: ਕੁੱਤਾ ਆਪਣੇ ਮਾਲਕ ਦੀ ਵਫ਼ਾਦਾਰੀ ਲਈ ਪ੍ਰਸਿੱਧ ਹੈ। ਅਮਰੀਕਾ 'ਚ ਹੋਈ ਇਕ ਘਟਨਾ 'ਚ ਕੁੱਤੇ ਨੇ ਇਕ ਵਾਰ ਫਿਰ ਬੁੱਧੀਮਾਨੀ ਅਤੇ ਵਫ਼ਾਦਾਰੀ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਸਿਫ਼ਰ ਦੇ ਲਗਪਗ ਤਾਪਮਾਨ 'ਚ ਬਰਫ਼ਬਾਰੀ ਹੋਣ ਦੇ ਬਾਵਜੂਦ ਕੁੱਤੇ ਨੇ ਲਗਪਗ 24 ਘੰਟੇ ਤਕ ਨਾ ਸਿਰਫ਼ ਆਪਣੇ 65 ਸਾਲ ਦੇ ਮਾਲਕ ਦੀ ਜਾਨ ਬਚਾਈ ਰੱਖੀ ਬਲਕਿ ਮਦਦ ਲਈ ਉਹ ਲਗਾਤਾਰ ਭੌਂਕਦਾ ਵੀ ਰਿਹਾ।
ਹੋਇਆ ਇੰਝ ਕਿ ਮਿਸ਼ੀਗਨ ਦੇ ਪੋਟੋਸਕੀ 'ਚ ਸਥਿਤ ਫਾਰਮ ਹਾਊਸ 'ਚ ਇਕੱਲੇ ਰਹਿਣ ਵਾਲੇ 65 ਸਾਲ ਦੇ ਬਾਬ ਨਵੇਂ ਸਾਲ ਮੌਕੇ ਬਾਲਣ ਲਈ ਲੱਕੜੀਆਂ ਲੈਣ ਨੂੰ ਬਾਹਰ ਨਿਕਲੇ ਸੀ। ਬਾਬ ਦਿਨ ਸਮੇਂ ਜਦੋਂ ਬਾਹਰ ਨਿਕਲੇ ਤਾਂ ਮੌਸਮ ਚੰਗਾ ਸੀ ਅਤੇ ਉਹ ਹਾਫ ਪੈਂਟ, ਸ਼ਰਟ ਅਤੇ ਪੈਰਾਂ 'ਚ ਸਲੀਪਰ ਪਾਏ ਹੋਏ ਸਨ। ਉਨ੍ਹਾਂ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦਾ ਪੰਜ ਸਾਲ ਦਾ ਗੋਲਡਨ ਰਿਟ੍ਰੀਵਰ ਜਾਤੀ ਦਾ ਕੁੱਤਾ ਕੇਲਸੀ ਵੀ ਸੀ।
ਸੁੱਕੀਆਂ ਲੱਕੜੀਆਂ ਦੀ ਭਾਲ 'ਚ ਬਾਬ ਕੁਝ ਦੂਰ ਨਿਕਲ ਗਏ। ਇਕ ਥਾਂ ਸੁੱਕੀ ਲੱਕੜੀ ਵਿਖਾਈ ਦੇਣ 'ਤੇ ਉਸ ਨੂੰ ਤੋੜਨ ਦੇ ਯਤਨ 'ਚ ਉਹ ਤਿਲਕ ਗਏ ਅਤੇ ਇਕ ਖੱਡੇ 'ਚ ਜਾ ਡਿੱਗੇ। ਸੱਟਾਂ ਕਾਰਨ ਉਹ ਹਿਲਣ-ਜੁਲਣ 'ਚ ਵੀ ਅਸਮਰਥ ਸਨ। ਜਿਸ ਸਥਾਨ 'ਤੇ ਬਾਬ ਡਿੱਗੇ ਉਥੋਂ ਉਨ੍ਹਾਂ ਦੇ ਗੁਆਂਢੀ ਦਾ ਘਰ ਵੀ ਲਗਪਗ ਇਕ ਮੀਲ ਦੂਰ ਸੀ। ਕੁਝ ਦੇਰ ਤਕ ਉਹ ਮਦਦ ਦੇ ਲਈ ਚੀਕਦੇ ਰਹੇ ਪ੍ਰੰਤੂ ਕਿਸੇ ਨੇ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ। ਇਸ ਦੌਰਾਨ ਸੂਰਜ ਡੁੱਬਣ 'ਤੇ ਠੰਡ ਵੱਧਣੀ ਸ਼ੁਰੂ ਹੋ ਗਈ।
ਮਾਲਕ ਨੂੰ ਸੰਕਟ 'ਚ ਵੇਖ ਕੇ ਕੇਲਸੀ ਨੇ ਵੀ ਮਦਦ ਲਈ ਭੌਂਕਨਾ ਸ਼ੁਰੂ ਕੀਤਾ ਪ੍ਰੰਤੂ ਉਸ ਦੀ ਵੀ ਆਵਾਜ਼ ਕਿਸੇ ਨੇ ਨਹੀਂ ਸੁਣੀ। ਕੁਝ ਘੰਟਿਆਂ ਬਾਅਦ ਹਨੇਰਾ ਹੋਣ 'ਤੇ ਬਾਬ ਦੀ ਆਵਾਜ਼ ਘੱਟ ਹੋ ਗਈ ਅਤੇ ਠੰਢ ਕਾਰਨ ਉਸ ਦਾ ਸਰੀਰ ਸੁੰਨ ਪੈਣ ਲੱਗਾ। ਕੇਲਸੀ ਨੂੰ ਆਪਣੇ ਮਾਲਕ ਦੀ ਵੱਧਦੀਆਂ ਮੁਸ਼ਕਿਲਾਂ ਦਾ ਅੰਦਾਜ਼ਾ ਹੋ ਗਿਆ। ਉਹ ਬਾਬ ਨੂੰ ਠੰਢ ਤੋਂ ਬਚਾਉਣ ਲਈ ਆ ਕੇ ਉਸ ਦੇ ਉਪਰ ਲੇਟ ਗਿਆ। ਸਰੀਰ 'ਚ ਗਰਮੀ ਬਣਾਏ ਰੱਖਣ ਦੇ ਲਈ ਵਿਚ-ਵਿਚ ਉਹ ਬਾਬ ਦੇ ਚਿਹਰੇ ਅਤੇ ਹੱਥਾਂ ਨੂੰ ਚੱਟਦਾ ਵੀ ਰਿਹਾ।
ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਹ ਭੌਂਕਦਾ ਵੀ ਰਿਹਾ। ਲਗਪਗ 19 ਘੰਟੇ ਬਾਅਦ ਬਾਬ ਨੇ ਆਪਣੇ ਹੋਸ਼ ਖੋਹ ਦਿੱਤੇ ਪ੍ਰੰਤੂ ਕੇਲਸੀ ਉਨ੍ਹਾਂ ਦੇ ਕੋਲੋਂ ਨਹੀਂ ਹੱਟਿਆ ਅਤੇ ਰਹਿ-ਰਹਿ ਕੇ ਉਨ੍ਹਾਂ ਨੂੰ ਚੱਟਦਾ ਅਤੇ ਭੌਂਕਦਾ ਰਿਹਾ। ਲਗਪਗ 24 ਘੰਟੇ ਬਾਅਦ ਬਾਬ ਦੀ ਗੁਆਂਢੀ ਰਿਕ ਜਦੋਂ ਉਨ੍ਹਾਂ ਨੂੰ ਲੱਭਣ ਨਿਕਲਿਆ ਤਾਂ ਉਹ ਕੇਲਸੀ ਦੇ ਭੌਂਕਣ ਦੀ ਆਵਾਜ਼ ਸੁਣ ਕੇ ਉਸ ਦੇ ਕੋਲ ਪੁੱਜਾ। ਇਸ ਦੇ ਬਾਅਦ ਬਾਬ ਨੂੰ ਬੇਟੀ ਜੈਨੀ ਦੀ ਸਹਾਇਤਾ ਨਾਲ ਨਜ਼ਦੀਕੀ ਹਸਪਤਾਲ ਪੁਚਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ।
ਘੰਟਿਆਂ ਤਕ ਬਰਫ਼ 'ਚ ਪਏ ਰਹਿਣ ਨਾਲ ਬਾਬ ਦੇ ਹੱਥ ਤੇ ਪੈਰ ਸਥਾਈ ਰੂਪ 'ਚ ਸੁੰਨ ਹੋ ਗਏ ਹਨ। ਹਸਪਤਾਲ ਦੇ ਡਾਕਟਰਾਂ ਨੇ ਵੀ ਮੰਨਿਆ ਕਿ ਕੇਲਸੀ ਦੇ ਯਤਨਾਂ ਨਾਲ ਹੀ ਬਾਬ ਦੀ ਜਾਨ ਬੱਚ ਸਕੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin