ਨਵੀਂ ਦਿੱਲੀ: ਭਾਰਤ 'ਚ ATM 'ਤੇ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਵੇਂ ਕਿ ਕਈ ਵਾਰ ਲੋਕਾਂ ਦੇ ਪੈਸੇ ਕੱਟੇ ਜਾਂਦੇ ਹਨ ਅਤੇ ਇਸ ਦਾ ਉਨ੍ਹਾਂ ਨੂੰ ਮੈਸੇਜ ਤਾਂ ਮਿਲ ਜਾਂਦਾ ਹੈ ਪਰ ਏਟੀਐਮ ਤੋਂ ਪੈਸੇ ਨਹੀਂ ਨਿਕਲਦੇ। ਇਸੇ ਤਰ੍ਹਾਂ ਏਟੀਐਮ 'ਚੋਂ ਨਕਲੀ ਨੋਟ ਜਾਂ ਫਟੇ ਨੋਟ ਨਿਕਲਣ ਦੀਆਂ ਵੀ ਕੁਝ ਰਿਪੋਰਟਾਂ ਆਈਆਂ ਹਨ ਪਰ ਤਾਜ਼ਾ ਮਾਮਲਾ ਇਸ ਸਭ ਤੋਂ ਬਿਲਕੁਲ ਵੱਖਰਾ ਹੈ। ਦਰਅਸਲ ਇੱਕ ਏਟੀਐਮ ਕਈ ਗੁਣਾ ਪੈਸੇ ਦੇਣ ਲੱਗਾ। ਇਸ ਕਾਰਨ ਉਥੇ ਲੋਕਾਂ ਦੀ ਭੀੜ ਲੱਗ ਗਈ। ਜਾਣੋ ਕਿੱਥੇ ਦਾ ਹੈ ਇਹ ਮਾਮਲਾ।



ਬੁੱਧਵਾਰ ਨੂੰ ਨਾਗਪੁਰ 'ਚ ਇਕ ਵਿਅਕਤੀ ਏਟੀਐਮ ਤੋਂ 500 ਰੁਪਏ ਕਢਵਾਉਣ ਆਇਆ ਸੀ ਪਰ ਹੋਇਆ ਇਹ ਕਿ ਉਸ ਏ.ਟੀ.ਐਮ ਵਿੱਚੋਂ 500 ਰੁਪਏ ਦੇ ਪੰਜ ਨੋਟ ਨਿਕਲੇ। ਇਸ ਪ੍ਰਕਿਰਿਆ ਨੂੰ ਮੁੜ ਦੁਹਰਾਉਣ 'ਤੇ ਉਕਤ ਵਿਅਕਤੀ ਨੇ ਫਿਰ 500 ਰੁਪਏ ਕਢਵਾਉਣ ਦੀ ਕੋਸ਼ਿਸ਼ ਕਰਦੇ ਹੋਏ 2500 ਰੁਪਏ ਲੈ ਲਏ। ਇਹ ਘਟਨਾ ਨਾਗਪੁਰ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੂਰ ਖਾਪਰਖੇੜਾ ਸ਼ਹਿਰ ਦੇ ਇੱਕ ਨਿੱਜੀ ਬੈਂਕ ਦੀ ਆਟੋਮੇਟਿਡ ਟੈਲਰ ਮਸ਼ੀਨ (ਏਟੀਐਮ) ਵਿੱਚ ਹੋਈ। ਫਿਰ ਕੀ ਸੀ, ਉਸ ਵਿਅਕਤੀ ਨੇ ਇਹ ਖ਼ਬਰ ਫੈਲਾ ਦਿੱਤੀ।

ਜਲਦੀ ਹੀ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਤੋਂ ਤੁਰੰਤ ਬਾਅਦ ਏਟੀਐਮ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਨਕਦੀ ਕਢਵਾਉਣ ਲਈ ਇਕੱਠੀ ਹੋ ਗਈ। ਬਾਅਦ 'ਚ ਬੈਂਕ ਦੇ ਗਾਹਕ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ, ਜੋ ਮੌਕੇ 'ਤੇ ਪਹੁੰਚੀ। ਪੁਲਿਸ ਨੇ ਤੁਰੰਤ ਉਸ ਏਟੀਐਮ ਨੂੰ ਬੰਦ ਕਰ ਦਿੱਤਾ ਅਤੇ ਬੈਂਕ ਨੂੰ ਮਾਮਲੇ ਦੀ ਸੂਚਨਾ ਦਿੱਤੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਖਾਪਰਖੇੜਾ ਥਾਣੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਰਿਪੋਰਟ ਮੁਤਾਬਕ ਤਕਨੀਕੀ ਖਰਾਬੀ ਕਾਰਨ ਏ.ਟੀ.ਐੱਮ. ਤੋਂ ਵਾਧੂ ਨਕਦੀ ਨਿਕਲ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ 500 ਰੁਪਏ ਦੇ ਨੋਟਾਂ ਨੂੰ ਗਲਤੀ ਨਾਲ ਉਸ ਏਟੀਐਮ ਟਰੇ ਵਿੱਚ ਰੱਖਿਆ ਗਿਆ ਸੀ, ਜਿਸ 'ਚੋਂ 100 ਰੁਪਏ ਦੇ ਨੋਟ ਨਿਕਲਦੇ ਸੀ ਪਰ 100 ਰੁਪਏ ਦੀ ਟਰੇਅ 'ਚੋਂ 500 ਰੁਪਏ ਦੇ ਨੋਟ ਨਿਕਲਣੇ ਲੱਗੇ। ਇਸ ਸਬੰਧੀ ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਹੈ।

ਬੈਂਕਾਂ ਵਿੱਚ ਅਜਿਹੀਆਂ ਤਕਨੀਕੀ ਖਾਮੀਆਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ HDFC ਬੈਂਕ ਦੁਆਰਾ ਵੀ ਇੱਕ ਅਜਿਹੀ ਤਕਨੀਕੀ ਖਰਾਬੀ ਦਾ ਖੁਲਾਸਾ ਹੋਇਆ ਸੀ। ਦਰਅਸਲ, ਚੇਨਈ ਵਿੱਚ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਐਚਡੀਐਫਸੀ ਬੈਂਕ ਦੇ ਕੁਝ ਗਾਹਕ ਤਕਨੀਕੀ ਗਲਤੀ ਕਾਰਨ ਐਤਵਾਰ 29 ਮਈ ਨੂੰ ਕੁਝ ਘੰਟਿਆਂ ਲਈ ਕਰੋੜਪਤੀ ਬਣ ਗਏ। ਬੈਂਕ ਦੀ ਟੀ ਨਗਰ ਸ਼ਾਖਾ ਨਾਲ ਜੁੜੇ 100 ਖਾਤਿਆਂ ਵਿੱਚ 13-13 ਕਰੋੜ ਰੁਪਏ ਜਮ੍ਹਾ ਕਰਵਾਏ ਗਏ। ਇਸ ਪੈਸੇ ਦੀ ਕੁੱਲ ਰਕਮ 1,300 ਕਰੋੜ ਰੁਪਏ ਹੈ। ਹਾਲਾਂਕਿ, ਬੈਂਕ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਵੱਖ-ਵੱਖ ਖਾਤਿਆਂ ਵਿੱਚ ਕਰਜ਼ੇ ਦੀ ਮਾਤਰਾ ਕੁਝ ਹਜ਼ਾਰ ਰੁਪਏ ਤੋਂ ਲੈ ਕੇ 13 ਕਰੋੜ ਰੁਪਏ ਤੱਕ ਹੈ।

HDFC ਬੈਂਕ ਨੇ ਬਾਅਦ 'ਚ ਕਿਹਾ ਕਿ ਇਹ ਮਾਮਲਾ ਤਕਨੀਕੀ ਖਰਾਬੀ ਕਾਰਨ ਸਾਹਮਣੇ ਆਇਆ ਹੈ। ਮਾਮਲਾ ਚੇਨਈ ਵਿੱਚ ਐਚਡੀਐਫਸੀ ਬੈਂਕ ਦੀਆਂ ਕੁਝ ਸ਼ਾਖਾਵਾਂ ਵਿੱਚ ਕੁਝ ਖਾਤਿਆਂ ਤੱਕ ਸੀਮਤ ਸੀ। ਨਿੱਜੀ ਬੈਂਕ ਮੁਤਾਬਕ 29 ਮਈ ਨੂੰ ਰੱਖ-ਰਖਾਅ ਅਧੀਨ ਸਾਫਟਵੇਅਰ ਪੈਚ ਸ਼ੁਰੂ ਹੋਣ ਕਾਰਨ ਇਹ ਸਮੱਸਿਆ ਆਈ ਹੈ। ਵਿਦੇਸ਼ਾਂ ਤੋਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।