ਸ਼ਿਰੜੀ: ਇੱਕ ਅਣਪਛਾਤੇ ਵਿਅਕਤੀ ਨੇ ਚੋਣ ਕਮਿਸ਼ਨ ਦੀ ਆਨਲਾਈਨ ਸੇਵਾ ਰਾਹੀਂ ਅਹਿਮਦਨਗਰ ਜ਼ਿਲ੍ਹੇ ਦੇ ਸਥਾਨਕ ਵਿਧਾਨ ਸਭਾ ਹਲਕੇ ਤੋਂ ਸ਼ਿਰੜੀ ਸਾਈਂਬਾਬਾ ਦਾ ਨਾਂਅ ਵੋਟਰ ਵਜੋਂ ਜੋੜਨ ਦੀ ਕਥਿਤ ਤੌਰ 'ਤੇ ਕੋਸ਼ਿਸ਼ ਕੀਤੀ ਹੈ। ਆਨਲਾਈਨ ਫਾਰਮ ਦੀ ਜਾਂਚ ਦੌਰਾਨ ਅਧਿਕਾਰੀਆਂ ਸਾਹਮਣੇ ਇਹ ਮਾਮਲਾ ਆਇਆ ਤਾਂ ਉਨ੍ਹਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਰਾਹਤਾ ਥਾਣੇ ਦੇ ਮੁਖੀ ਅਰੁਣ ਪਰਦੇਸ਼ੀ ਨੇ ਕਿਹਾ ਕਿ ਇਹ ਘਟਨਾ ਪਿਛਲੇ ਸਾਲ ਚਾਰ ਦਸੰਬਰ ਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਆਈਟੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅੱਗੇ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਨਹੀਂ ਹੈ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਬਲਿਆ ਵਿੱਚ ਵੋਟਰ ਲਿਸਟ ਵਿੱਚ ਵੱਡੀਆਂ ਗ਼ਲਤੀਆਂ ਵੇਖਣ ਨੂੰ ਮਿਲੀਆਂ। ਇਨ੍ਹਾਂ ਵਿੱਚ ਕਈ ਲੋਕਾਂ ਦੇ ਨਾਂਅ ਤੇ ਫ਼ੋਟੋ ਗ਼ਲਤ ਲਾ ਦਿੱਤੇ ਹਨ। ਇਵੇਂ ਹੀ ਵੋਟਰ ਲਿਸਟ ਵਿੱਚ ਸੰਨੀ ਲਿਓਨੀ ਦੀ ਤਸਵੀਰ ਲੱਗੀ ਮਿਲੀ ਹੈ। ਇੰਨਾ ਹੀ ਨਹੀਂ ਵੋਟਰ ਲਿਸਟ ਵਿੱਚ ਹਾਥੀ, ਹਿਰਣ ਤੇ ਕਬੂਤਰ ਤਕ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।