Watch: ਸਾਡੇ ਦੇਸ਼ ਵਿੱਚ ਜਿੱਥੇ ਕਈ ਧਰਮਾਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕਈ ਪ੍ਰਕਾਰ ਦੀਆਂ ਉਪ ਭਾਸ਼ਾਵਾਂ ਤੇ ਭਾਸ਼ਾਵਾਂ ਦਾ ਵੀ ਬੋਲਬਾਲਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਗੰਗਾ-ਜਮੁਨੀ ਤਹਿਜ਼ੀਬ ਨਜ਼ਰ ਆ ਰਹੀ ਹੈ। ਵੀਡੀਓ ਬਿਹਾਰ ਦੇ ਕਟਿਹਾਰ ਦੇ ਇੱਕ ਸਕੂਲ ਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਦੋ ਅਧਿਆਪਕ ਇੱਕੋ ਸਮੇਂ ਇੱਕ ਹੀ ਬਲੈਕਬੋਰਡ 'ਤੇ ਹਿੰਦੀ ਤੇ ਉਰਦੂ ਪੜ੍ਹਾਉਂਦੇ ਨਜ਼ਰ ਆ ਰਹੇ ਹਨ ਜਿਸ 'ਤੇ ਯੂਜ਼ਰਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ।



ਵਾਇਰਲ ਹੋ ਰਿਹਾ ਇਹ ਵੀਡੀਓ ਬਿਹਾਰ ਦੇ ਕਟਿਹਾਰ ਦੇ ਆਦਰਸ਼ ਮਿਡਲ ਸਕੂਲ ਵਿੱਚ ਰਿਕਾਰਡ ਕੀਤਾ ਗਿਆ ਹੈ ਜਿਸ ਨੂੰ ANI ਨਿਊਜ਼ ਏਜੰਸੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਦੋ ਅਧਿਆਪਕ ਬਲੈਕਬੋਰਡ ਦੇ ਦੋਵੇਂ ਪਾਸੇ ਦੋ ਵੱਖ-ਵੱਖ ਭਾਸ਼ਾਵਾਂ ਪੜ੍ਹਾਉਂਦੇ ਨਜ਼ਰ ਆ ਰਹੇ ਹਨ। ਇਸ ਵਿੱਚ ਇੱਕ ਮਹਿਲਾ ਅਧਿਆਪਕਾ ਜਮਾਤ ਨੂੰ ਹਿੰਦੀ ਪੜ੍ਹਾ ਰਹੀ ਹੈ, ਜਦਕਿ ਇੱਕ ਅਧਿਆਪਕ ਬੱਚਿਆਂ ਨੂੰ ਉਰਦੂ ਪੜ੍ਹਾ ਰਿਹਾ ਹੈ।





ਇੱਕੋ ਕਮਰੇ ਵਿੱਚ ਹਿੰਦੀ ਤੇ ਉਰਦੂ ਪੜ੍ਹਾਉਣ ਬਾਰੇ ਸਕੂਲ ਦੀ ਸਹਾਇਕ ਅਧਿਆਪਕਾ ਕੁਮਾਰੀ ਪ੍ਰਿਅੰਕਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਉਰਦੂ ਪ੍ਰਾਇਮਰੀ ਸਕੂਲ ਨੂੰ 2017 ਵਿੱਚ ਸਾਡੇ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅਧਿਆਪਕ ਇੱਕ ਜਮਾਤ ਵਿੱਚ ਹਿੰਦੀ ਤੇ ਉਰਦੂ ਦੋਵੇਂ ਪੜ੍ਹਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਸਕੂਲ ਵਿੱਚ ਲੋੜੀਂਦੇ ਕਲਾਸਰੂਮ ਨਹੀਂ ਤੇ ਇਹੀ ਕਾਰਨ ਹੈ ਕਿ ਅਸੀਂ ਇੱਕੋ ਕਮਰੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਾਂ।








ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਕਾਮੇਸ਼ਵਰ ਗੁਪਤਾ ਨੇ ਦੱਸਿਆ ਕਿ ਉਰਦੂ ਪ੍ਰਾਇਮਰੀ ਸਕੂਲ ਨੂੰ ਵਾਧੂ ਕਲਾਸ ਰੂਮ ਮੁਹੱਈਆ ਕਰਵਾਏ ਜਾਣਗੇ ਕਿਉਂਕਿ ਵਿਦਿਆਰਥੀ ਲਈ ਦੋਵੇਂ ਭਾਸ਼ਾਵਾਂ ਇਕੱਠੀਆਂ ਸਿੱਖਣੀਆਂ ਮੁਸ਼ਕਲ ਹਨ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਯੂਜ਼ਰਸ ਦੀ ਵੱਖ-ਵੱਖ ਰਾਏ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਕੁਝ ਲੋਕ ਇਸ ਨੂੰ ਸਮਾਜਿਕ ਏਕਤਾ ਦਾ ਪ੍ਰਤੀਕ ਦੱਸ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ।