ਲੰਡਨ- ਹੀਰਥੋ ਤੋਂ ਘਾਨਾ ਵਿਚਾਲੇ ਚੱਲਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ ਕੀੜੇ ਦੇਖੇ ਜਾਣ ਦੇ ਬਾਅਦ ਕਰੂਅ ਨੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਦੇ ਬਾਅਦ ਜਹਾਜ਼ ਨੂੰ ਸੇਵਾ ਤੋਂ ਹਟਾ ਕੇ ਟ੍ਰੀਟਮੈਂਟ ਲਈ ਲੈ ਜਾਇਆ ਗਿਆ ਹੈ। ਜਦੋਂ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿਤੀ ਗਈ, ਉਨ੍ਹਾਂ ਨੇ ਯਾਤਰੀਆਂ ਨੂੰ ਦੂਸਰੀ ਫਲਾਈਟ ਵਿੱਚ ਭੇਜਣ ਦੀ ਵਿਵਸਥਾ ਕੀਤੀ। ਇਸ ਦੀ ਵਜ੍ਹਾ ਨਾਲ ਜਹਾਜ਼ ਆਪਣੇ ਤੈਅ ਸਮੇਂ ਤੋਂ ਚਾਰ ਘੰਟੇ ਦੀ ਦੇਰੀ ਨਾਲ ਉਡਾਣ ਭਰ ਸਕਿਆ। ਕੈਬਿਨ ਕਰੂਅ ਨੇ ਟੇਕਆਫ ਦੇ ਕੁਝ ਸਮੇਂ ਪਹਿਲਾਂ ਜਹਾਜ਼ ਦੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਕੈਬਿਨ ਵਿੱਚ ਕੀੜੇ ਦਿਸ ਰਹੇ ਸਨ। ਕੈਬਿਨ ਕਰੂਅ ਨੇ ਆਪਣੀਆਂ ਅੱਖਾਂ ਨਾਲ ਸੀਟਾਂ ‘ਤੇ ਰੇਂਗਦੇ ਕੀੜਿਆਂ ਨੂੰ ਕੈਬਿਨ ਵਿੱਚ ਦੇਖਿਆ। ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਜਹਾਜ਼ ‘ਤੇ ਕੰਮ ਕਰਨ ਲਈ ਯੋਗ ਨਹੀਂ ਹੈ। ਇਸ ਦੇ ਬਾਅਦ ਦੂਸਰੇ ਜਹਾਜ਼ ਦੀ ਵਿਵਸਥਾ ਕੀਤੀ ਗਈ, ਪਰ ਇਸ ਨਾਲ ਮਿਥੇ ਸਮੇਂ ‘ਤੇ ਹੋਣ ਵਾਲੀ ਫਲਾਈਟ ਲੇਟ ਹੋ ਗਈ। ਬ੍ਰਿਟਿਸ਼ ਏਅਰਵੇਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਸਾਡੇ ਲਈ ਗ੍ਰਾਹਕਾਂ ਦੀ ਸੁਵਿਧਾ ਸਭ ਤੋਂ ਮਹੱਤਵ ਪੂਰਨ ਹੈ। ਬੁਲਾਰੇ ਨੇ ਕਿਹਾ ਕਿ ਜਦੋਂ ਹੀਥਰੋ ਵਿੱਚ ਇਸ ਅਜੀਬ ਮਾਮਲੇ ਦਾ ਪਤਾ ਲੱਗਾ, ਅਸੀਂ ਉਸ ਜਹਾਜ਼ ਨੂੰ ਸੇਵਾ ਤੋਂ ਹਟਾ ਕੇ ਉਸ ਨੂੰ ਟ੍ਰੀਟਮੈਂਟ ਲਈ ਭੇਜ ਦਿੱਤਾ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਉਡਾਣ ਭਰਨ ਤੋਂ ਪਹਿਲਾ ਜਹਾਜ਼ ਵਿੱਚ ਬੈਡਬਗ ਪਾਏ ਗਏ ਹੋਣ। ਲਾਸ ਵੇਗਾਸ ਦੀਆਂ ਉਡਾਣਾਂ ‘ਤੇ ਬੈਡਬਗ ਦੇ ਮਿਲਣ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ। ਬ੍ਰਿਟਿਸ਼ ਏਅਰਵੇਜ਼ ਵਿੱਚ ਅਕਸਰ ਯਾਤਰਾ ਕਰਨ ਵਾਲੇ ਮਾਈਕ ਗ੍ਰੇਗਰੀ ਲੰਡਨ ਤੋਂ ਕੈਪਟਾਊਨ ਤੱਕ ਦੀ ਯਾਤਰਾ ਲਈ ਬਿਜ਼ਨੈਸ ਕਲਾਸ ਵਿੱਚ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਕੈਪਟਾਊਨ ਤੱਕ ਉਡਾਣ ਦੇ ਦੌਰਾਨ ਬਗ ਉਨ੍ਹਾਂ ਨੂੰ ਲਗਾਤਾਰ ਕੱਟਦਾ ਰਿਹਾ।