ਮੋਗਾ: ਪਿੰਡ ਜਲਾਲਾਬਾਦ ਵਿੱਚ ਕੁਝ ਲੋਕ ਥਾਣੇਦਾਰ ਦੀ ਏਕੇ 47 ਰਾਈਫਲ ਖੋਹ ਕੇ ਫ਼ਰਾਰ ਹੋ ਗਏ। ਇਹ ਚਾਰ ਨੌਜਵਾਨ ਫੌਜੀ ਵਰਦੀ ਵਿੱਚ ਹਨ। ਹਮਲਾਵਰਾਂ ਨੇ ਥਾਣੇਦਾਰ ਤੇ ਹੋਮਗਾਰਡ ਨੂੰ ਕੁੱਟ-ਕੁੱਟ ਜ਼ਖਮੀ ਕਰ ਦਿੱਤਾ। ਥਾਣੇਦਾਰ ਮੇਜਰ ਸਿੰਘ ਤੇ ਹੋਮਗਾਰਡ ਸੁਖਵਿੰਦਰ ਸਿੰਘ ਸਿਵਲ ਹਸਪਤਾਲ ਮੋਗਾ ਵਿੱਚ ਜੇਰੇ ਇਲਾਜ ਹਨ। ਲੰਘੀ ਰਾਤ ਵਪਾਰੀ ਘਟਨਾ ਮਗਰੋਂ ਪੁਲਿਸ ਚੌਕਸ ਹੋ ਗਈ ਹੈ।
ਪੁਲਿਸ ਮੁਤਾਬਕ ਥਾਣਾ ਧਰਮਕੋਟ ਅਧੀਨ ਪਿੰਡ ਜਲਾਲਾਬਾਦ ਪੂਰਬੀ ਵਿੱਚ ਲੰਘੀ ਰਾਤ ਕਰੀਬ 12 ਵਜੇ ਕਰਫ਼ਿਊ ਦੌਰਾਨ ਫ਼ੌਜ ਵਰਦੀ ’ਚ ਖੜ੍ਹੇ ਚਾਰ ਨੌਜਵਾਨਾਂ ਨੇ ਐਸਐਚਓ ਤੇ ਹੋਮਗਾਰਡ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਏਕੇ 47 ਰਾਈਫਲ ਖੋਹ ਕੇ ਫ਼ਰਾਰ ਹੋ ਗਏ।
ਡੀਐਸਪੀ ਸੁਬੇਗ ਸਿੰਘ ਨੇ ਹਮਲਾਵਾਰਾਂ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚ ਇੰਦਰਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਦਾ ਨਾਂ ਸ਼ਾਮਲ ਹੈ। ਇਹ ਸਾਰੇ ਪਿੰਡ ਜਲਾਲਾਬਾਦ ਦੇ ਹਨ।