ਗੁਜਰਾਤ ਦੇ ਗਾਂਧੀਨਗਰ ਵਿੱਚ ਇੱਕ 60 ਸਾਲਾ ਬਜ਼ੁਰਗ ਜੋੜੇ ਨੇ ਆਈਵੀਐਫ (IVF) ਇਲਾਜ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਕੋਰੋਨਾ ਦੀ ਦੂਜੀ ਲਹਿਰ 'ਚ ਗਾਂਧੀਨਗਰ ਦੇ ਭਗੋਰਾ ਜੋੜੇ ਨੇ ਆਪਣਾ 26 ਸਾਲਾ ਬੇਟਾ ਗੁਆ ਦਿੱਤਾ ਸੀ। ਮਾਪੇ ਉਸ ਦੇ ਵਿਆਹ ਲਈ ਲੜਕੀ ਲੱਭ ਰਹੇ ਸਨ ਪਰ ਨੌਜਵਾਨ ਪੁੱਤਰ ਦੀ ਬੇਵਕਤੀ ਮੌਤ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮਾਪਿਆਂ ਨੂੰ ਇਸ ਉਮਰ ਵਿੱਚ ਜਿਊਣ ਲਈ ਸਹਾਰੇ ਦੀ ਲੋੜ ਸੀ। ਅਜਿਹੇ 'ਚ ਦੋਵੇਂ ਬੇਟੇ ਦੀ ਮੌਤ ਦੇ 6 ਮਹੀਨੇ ਬਾਅਦ IVF ਇਲਾਜ ਲਈ ਡਾਕਟਰ ਕੋਲ ਪਹੁੰਚੇ।


ਗਾਂਧੀਨਗਰ ਦੇ ਇੱਕ ਡਾਕਟਰ ਮੇਹੁਲ ਦਾਮਾਨੀ ਦਾ ਕਹਿਣਾ ਹੈ ਕਿ ਜਦੋਂ ਬਜ਼ੁਰਗ ਜੋੜਾ ਇਲਾਜ ਲਈ ਉਨ੍ਹਾਂ ਕੋਲ ਆਇਆ ਤਾਂ ਉਹ ਬਹੁਤ ਨਿਰਾਸ਼ ਸੀ ਅਤੇ ਜ਼ਿੰਦਗੀ ਜਿਊਣ ਲਈ ਆਸ ਲੱਭ ਰਹੇ ਸੀ। ਜਦੋਂ ਉਹ ਆਈਵੀਐਫ ਇਲਾਜ ਲਈ ਤਿਆਰ ਹੋਏ ਤਾਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਰੇਖਾ ਬੇਨ ਪਹਿਲੀ ਵਾਰ ਵਿੱਚ ਹੀ ਗਰਭਵਤੀ ਹੋ ਗਈ। ਜਦੋਂ ਮਗਨਭਾਈ ਭਗੌਰਾ ਆਪਣੀ ਨੌਕਰੀ ਤੋਂ ਸੇਵਾਮੁਕਤ ਹੋਏ ਹਨ ਤਾਂ ਦੂਜੇ ਦਿਨ ਯਾਨੀ 1 ਜੁਲਾਈ ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਮਗਨ ਭਾਈ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ ਹਨ।  


ਬੇਟੇ ਦੀ ਮੌਤ ਤੋਂ ਬਾਅਦ ਪਰੇਸ਼ਾਨ ਮਗਨ ਭਾਈ ਅਤੇ ਉਨ੍ਹਾਂ ਦੀ ਪਤਨੀ ਰੇਖਾ ਬੇਨ ਨੂੰ ਇੱਕ ਅਧਿਆਪਕ ਮਿੱਤਰ ਨੇ ਆਈਵੀਐਫ ਇਲਾਜ ਰਾਹੀਂ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਅਹਿਮਦਾਬਾਦ ਵਿੱਚ ਇਲਾਜ ਸ਼ੁਰੂ ਹੋਇਆ। ਡਾਕਟਰਾਂ ਦਾ ਕਹਿਣਾ ਹੈ ਕਿ ਆਮਤੌਰ 'ਤੇ 60 ਸਾਲ ਦੀ ਉਮਰ 'ਚ ਕੁਝ ਮੁਸ਼ਕਿਲਾਂ ਆਉਂਦੀਆਂ ਹਨ ਪਰ ਰੇਖਾ ਬੇਨ ਨੂੰ ਆਈਵੀਐੱਫ ਨਾਲ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।


ਡਾਕਟਰ ਮੇਹੁਲ ਦਾਮਾਨੀ ਦਾ ਕਹਿਣਾ ਹੈ ਕਿ ਆਈਵੀਐਫ ਐਕਟ ਦੇ ਤਹਿਤ, ਇੱਕ ਔਰਤ 60 ਸਾਲ ਦੀ ਉਮਰ ਤੋਂ ਬਾਅਦ ਆਈਵੀਐਫ ਨਹੀਂ ਕਰਵਾ ਸਕਦੀ। ਪਰ ਜਦੋਂ ਉਹ ਗਰਭਵਤੀ ਸਨ ਅਤੇ ਹੁਣ ਬੱਚੇ ਨੇ ਜਨਮ ਲਿਆ ਤਾਂ ਇਸ ਵਿੱਚ ਕਾਨੂੰਨੀ ਰੁਕਾਵਟ ਨਹੀਂ ਆਈ। ਨਵਜੰਮੇ ਬੱਚੇ ਦਾ ਭਾਰ ਸਾਢੇ ਤਿੰਨ ਕਿੱਲੋ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਬੱਚਿਆਂ ਦੇ ਰੋਣ ਨੇ ਭਗੌਰਾ ਜੋੜੇ ਦੀ ਜ਼ਿੰਦਗੀ ਵਿੱਚ ਨਵੀਂ ਸਵੇਰ ਲੈ ਆਂਦੀ ਹੈ। ਉਨ੍ਹਾਂ ਨੂੰ ਆਪਣਾ ਗੁਆਚਿਆ ਪੁੱਤਰ ਵਾਪਸ ਮਿਲਣ ਦਾ ਅਹਿਸਾਸ ਹੋਇਆ ਹੈ ਅਤੇ ਉਹ ਬਹੁਤ ਖੁਸ਼ ਹਨ।