ਇਕ ਵਿਅਕਤੀ ਨੇ ਅਨੋਖੇ ਤਰੀਕੇ ਨਾਲ ਬੌਸ ਨੂੰ ਆਪਣਾ ਅਸਤੀਫ਼ਾ ਪੱਤਰ (Resignation Letter) ਭੇਜਿਆ। ਉਸ ਨੇ ਆਪਣਾ ਅਸਤੀਫ਼ਾ ਕੁੱਝ ਸ਼ਬਦਾਂ 'ਚ ਲਿਖ ਕੇ ਬੌਸ ਨੂੰ ਭੇਜ ਦਿੱਤਾ। ਉਸ ਦਾ ਅਸਤੀਫ਼ਾ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਮ ਤੌਰ 'ਤੇ ਜਦੋਂ ਲੋਕ ਕਿਸੇ ਕੰਪਨੀ ਜਾਂ ਸੰਸਥਾ ਤੋਂ ਅਸਤੀਫ਼ਾ ਦਿੰਦੇ ਹਨ ਤਾਂ ਉਹ ਅਸਤੀਫ਼ੇ ਨੂੰ ਆਪਣੇ ਅੰਦਾਜ਼ 'ਚ ਤਿਆਰ ਕਰਦੇ ਹਨ। ਜਿਸ 'ਚ ਘੱਟ ਹੀ ਲੋਕ ਆਪਣੇ ਬੌਸ ਜਾਂ ਕੰਪਨੀ ਦਾ ਧੰਨਵਾਦ ਕਰਦੇ ਹਨ ਅਤੇ ਸੰਸਥਾ 'ਚ ਆਪਣੇ ਅਨੁਭਵ ਵੀ ਸਾਂਝੇ ਕਰਦੇ ਹਨ। ਪਰ ਇਸ ਅਸਤੀਫ਼ਾ ਪੱਤਰ 'ਚ ਅਜਿਹਾ ਕੁਝ ਨਹੀਂ ਹੈ। ਸਿਰਫ਼ ਸਿੱਧੇ ਅਸਤੀਫ਼ੇ ਦਾ ਜ਼ਿਕਰ ਕੀਤਾ ਗਿਆ ਹੈ, ਉਹ ਵੀ ਬੇਬਾਕੀ ਨਾਲ।
ਦਰਅਸਲ ਅਸਤੀਫ਼ਾ ਦੇਣ ਵਾਲੇ ਸ਼ਖ਼ਸ ਨੇ ਲਿਖਿਆ, "ਡਿਅਰ ਸਰ, ਮੈਂ ਅਸਤੀਫ਼ਾ ਦੇ ਰਿਹਾ ਹਾਂ। ਮਜ਼ਾ ਨਹੀਂ ਆ ਰਿਹਾ। ਤੁਹਾਡਾ ਰਾਜੇਸ਼।" ਇਸ ਅਸਤੀਫ਼ੇ ਦਾ ਸਕ੍ਰੀਨਸ਼ਾਟ ਬਿਜਨੈਸਮੈਨ ਹਰਸ਼ ਗੋਇਨਕਾ ਨੇ ਟਵਿਟਰ ਅਤੇ LinkedIn 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ- "ਇਹ ਲੈਟਰ ਛੋਟਾ ਹੈ ਪਰ ਬਹੁਤ ਡੂੰਘਾ ਹੈ। ਇੱਕ ਗੰਭੀਰ ਸਮੱਸਿਆ ਜਿਸ ਦਾ ਹੱਲ ਸਾਨੂੰ ਸਾਰਿਆਂ ਨੂੰ ਕਰਨਾ ਪਵੇਗਾ..."
ਗੋਇਨਕਾ ਦੀ ਇਸ ਪੋਸਟ 'ਤੇ ਬਹੁਤ ਸਾਰੇ ਯੂਜ਼ਰਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿਸੇ ਨੇ ਕਿਹਾ ਕਿ ਮੁਲਾਜ਼ਮ 'ਟੂ ਦੀ ਪੁਆਇੰਟ' ਬੋਲਣ ਵਾਲਾ ਲੱਗਦਾ ਹੈ, ਤਾਂ ਕਿਸੇ ਨੇ ਪੁੱਛਿਆ ਕਿ ਆਖਰ ਉਸ ਨੂੰ ਕੀ ਸਮੱਸਿਆ ਹੈ? ਇਕ ਯੂਜ਼ਰ ਨੇ ਲਿਖਿਆ, "ਅਸਤੀਫ਼ਾ ਲਿਖਣ ਵਾਲਾ ਸਟ੍ਰੇਟ ਫਾਰਵਰਡ ਹੈ", ਜਦਕਿ ਦੂਜੇ ਯੂਜ਼ਰ ਨੇ ਕਿਹਾ, "ਇਸ ਅਸਤੀਫ਼ੇ ਨੂੰ ਐਕਸਪਲੇਨ ਕਰਨ ਦੀ ਲੋੜ ਵੀ ਨਹੀਂ ਪਵੇਗੀ।" ਇਕ ਹੋਰ ਯੂਜ਼ਰ ਨੇ ਕਿਹਾ, "ਰੱਬ ਸਾਰਿਆਂ ਨੂੰ ਅਜਿਹਾ ਐਟੀਟਿਊਟ ਦੇਵੇ।" LinkedIn 'ਤੇ ਇਸ ਪੋਸਟ ਨੂੰ 5 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਦਕਿ ਸੈਂਕੜੇ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਟਵਿਟਰ 'ਤੇ ਵੀ ਹਜ਼ਾਰਾਂ ਯੂਜ਼ਰਸ ਨੇ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ।