Bonus For Weight Loss: ਅੱਜਕੱਲ੍ਹ ਅਜਿਹੀ ਕੰਪਨੀ ਚਰਚਾ ਵਿਚ ਹੈ ਜੋ ਮੋਟਾਪੇ ਤੋਂ ਪੀੜਤ ਆਪਣੇ ਮੁਲਾਜ਼ਮਾਂ ਲਈ ਅਨੋਖਾ ਆਫਰ ਲੈ ਕੇ ਆਈ ਹੈ। ਕੰਪਨੀ ਆਪਣੇ ਮੁਲਾਜ਼ਮਾਂ ਨੂੰ ਭਾਰ ਘਟਾਉਣ ਲਈ ਬੋਨਸ ਦੇ ਰਹੀ ਹੈ। ਇਹ ਅਨੋਖੀ ਕੰਪਨੀ ਚੀਨ ਦੇ ਗੁਆਂਗਡੋਂਗ ਸੂਬੇ ਵਿਚ ਸਥਿਤ ਹੈ ਜਿਸ ਦਾ ਨਾਂ ਇੰਸਟਾ 360 ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਕਈ ਲੋਕਾਂ ਨੇ ਆਪਣਾ ਭਾਰ ਘੱਟ ਕਰਕੇ ਪੈਸੇ ਕਮਾਏ ਹਨ। ਇਸ ਵਿਚ ਹੁਣ ਤੱਕ 150 ਲੋਕ ਹਿੱਸਾ ਲੈ ਚੁੱਕੇ ਹਨ ਤੇ ਇਨ੍ਹਾਂ ਨੇ ਮਿਲ ਕੇ ਕੁੱਲ 800 ਕਿਲੋ ਭਾਰ ਘਟਾਇਆ ਹੈ। ਭਾਰ ਘੱਟ ਕਰ ਬਦਲੇ ਕੰਪਨੀ ਨੇ ਸਾਰੇ ਮੁਲਾਜ਼ਮਾਂ ਵਿਚ ਬੋਨਸ ਵਜੋਂ ਕੁੱਲ 1 ਕਰੋੜ ਰੁਪਏ ਵੰਡ ਦਿੱਤੇ।
ਰਿਪੋਰਟ ਮੁਤਾਬਕ ਕੰਪਨੀ ਦੀ ਇਹ ਯੋਜਨਾ 'ਵੇਟ ਲਾਸ ਬੂਟ ਕੈਂਪ' ਦੀ ਤਰ੍ਹਾਂ ਕੰਮ ਕਰਦੀ ਹੈ। ਹਰ ਕੈਂਪ 3 ਮਹੀਨੇ ਦਾ ਹੁੰਦਾ ਹੈ ਤੇ ਇਸ ਵਿਚ ਕੁੱਲ 30 ਮੁਲਾਜ਼ਮ ਹੁੰਦੇ ਹਨ। ਹੁਣ ਤੱਕ ਅਜਿਹੇ 5 ਕੈਂਪ ਲਗਾਏ ਜਾ ਚੁੱਕੇ ਹਨ। ਉਂਝ ਤਾਂ ਇਸ ਯੋਜਨਾ ਤਹਿਤ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਅਰਜ਼ੀਆਂ ਦਿੱਤੀਆਂ ਹਨ, ਜੋ ਇਸ ਕੰਪਨੀ ਵਿਚ ਕੰਮ ਕਰਦੇ ਹਨ ਪਰ ਉਨ੍ਹਾਂ ਵਿਚੋਂ ਸਿਰਫ ਉਹੀ ਲੋਕ ਚੁਣੇ ਗਏ ਹਨ ਜੋ ਮੋਟੇ ਹਨ। ਹਰ ਕੈਂਪ ਵਿਚ ਲੋਕਾਂ ਨੂੰ 3 ਸਮੂਹਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ 10-10 ਲੋਕਾਂ ਦੇ ਦੋ ਸਮੂਹ ਤੇ 5 ਲੋਕਾਂ ਦਾ ਇਕ ਵੱਖਰਾ ਗਰੁੱਪ ਸ਼ਾਮਲ ਹੈ।
ਹਰ ਅੱਧਾ ਕਿਲੋ ਭਾਰ ਘੱਟ ਹੋਣ 'ਤੇ ਇਕ ਮੁਲਾਜ਼ਮ ਨੂੰ 4593 ਰੁਪਏ ਮਿਲਦੇ ਹਨ ਪਰ ਜੇਕਰ ਉਨ੍ਹਾਂ ਦੇ ਗਰੁੱਪ ਵਿਚੋਂ ਕਿਸੇ ਮੈਂਬਰ ਦਾ ਭਾਰ ਵਧ ਜਾਂਦਾ ਹੈ ਤਾਂ ਫਿਰ ਉਸ ਨੂੰ ਗਰੁੱਪ ਦੇ ਕਿਸੇ ਵੀ ਮੈਂਬਰ ਨੂੰ ਇਨਾਮ ਨਹੀਂ ਮਿਲਦਾ ਸਗੋਂ ਇਸ ਦੇ ਬਦਲੇ ਉਨ੍ਹਾਂ 'ਤੇ 5700 ਰੁਪਏ ਦਾ ਜੁਰਮਾਨਾ ਹੀ ਲਗਾ ਦਿੱਤਾ ਜਾਂਦਾ ਹੈ।
ਪਿਛਲੇ ਸਾਲ ਇਸ ਯੋਜਨਾ ਵਿਚ ਸ਼ਾਮਲ ਰਹੇ ਲੀ ਨਾਂ ਦੇ ਸ਼ਖਸ ਨੇ ਦੱਸਿਆ ਕਿ ਯੋਜਨਾ ਤੋਂ ਉਨ੍ਹਾਂ ਨੂੰ ਦੋ ਫਾਇਦੇ ਹੋਏ ਪਹਿਲਾ ਕਿ ਉਨ੍ਹਾਂ ਦੀ ਸਿਹਤ ਠੀਕ ਹੋ ਗਈ ਤੇ ਦੂਜਾ ਇਹ ਕਿ ਉਨ੍ਹਾਂ ਨੂੰ ਇਸ ਨਾਲ ਐਕਸਟ੍ਰਾ ਕਮਾਈ ਵੀ ਹੋ ਗਈ। ਲੀ ਨੇ ਦੱਸਿਆ ਕਿ ਉਸ ਨੇ ਭਾਰ ਘਟਾਉਣ ਲਈ ਤੈਰਾਕੀ ਕੀਤੀ ਤੇ ਨਾਲ ਹੀ ਬਾਸਕੇਟਬਾਲ ਵੀ ਖੇਡਿਆ।
ਇਸ ਤੋਂ ਇਲਾਵਾ ਉਸ ਨੇ ਆਪਣੇ ਖਾਣ-ਪੀਣ 'ਤੇ ਵੀ ਧਿਆਨ ਦਿੱਤਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਦਾ ਭਾਰ 17.5 ਕਿਲੋ ਘੱਟ ਹੋ ਗਿਆ ਤੇ ਇਸ ਦੇ ਬਦਲੇ ਉਨ੍ਹਾਂ ਨੇ ਕੰਪਨੀ ਵੱਲੋਂ 85,000 ਰੁਪਏ ਬੋਨਸ ਮਿਲੇ। ਭਾਰ ਘਟਾਉਣ ਵਾਲੀ ਕੰਪਨੀ ਦੀ ਇਹ ਅਨੋਖੀ ਯੋਜਨਾ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਉਥੇ ਵੀ ਲੋਕਾਂ ਨੇ ਇਸ ਦੀ ਕਾਫੀ ਤਾਰੀਫ ਕੀਤੀ।