ਪਹਿਲੀ ਵਾਰ : 3 ਮਾਪਿਆ ਦੇ ਇੱਕ ਬੱਚਾ ਪੈਦਾ
ਵਾਸ਼ਿੰਗਟਨ: ਇੱਕ ਨਵੀਂ ਤਕਨੀਕ ਦੀ ਮਦਦ ਨਾਲ ਵਿਗਿਆਨੀਆਂ ਨੇ ਪਹਿਲੀ ਵਾਰ ਤਿੰਨ ਲੋਕਾਂ ਦੀ ਇੱਕ ਸੰਤਾਨ ਨੂੰ ਪੈਦਾ ਕਰਵਾਇਆ ਹੈ। ਇਸ ਨਵੀਂ ਤਕਨੀਕ ਵਿੱਚ ਭਰੂਣ ਵਿੱਚ ਤਿੰਨ ਮਾਂ-ਬਾਪ ਦਾ ਡੀ.ਐਨ.ਏ. ਸ਼ਾਮਲ ਕੀਤਾ ਗਿਆ। 'ਨਿਊ ਸਾਇੰਸਟਿਸਟ ਮੈਗਜ਼ੀਨ' ਦੀ ਰਿਪੋਰਟ ਮੁਤਾਬਕ ਜਾਰਡਨ ਰਹਿਣ ਵਾਲੇ ਜੋੜੇ ਨੇ ਪੰਜ ਮਹੀਨੇ ਪਹਿਲਾਂ ਮੈਕਸੀਕੋ ਵਿੱਚ ਆਪਣੇ ਅਨੋਖੇ ਬੱਚੇ ਨੂੰ ਜਨਮ ਦਿੱਤਾ। ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ।
ਹੁਣ ਇਸ ਪ੍ਰੀਖਣ ਦੇ ਸਫਲ ਹੋਣ ਮਗਰੋਂ ਵਿਗਿਆਨੀਆਂ ਨੇ ਇੱਕ ਨਵੀਂ ਉਮੀਦ ਜਗਾ ਦਿੱਤੀ ਹੈ। ਇਨ੍ਹਾਂ ਵਿਗਿਆਨੀਆਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਬੱਚਾ ਲੰਬੀ ਉਮਰ ਵਾਲਾ ਹੋਵੇ ਤੇ ਹਮੇਸ਼ਾ ਤੰਦਰੁਸਤ ਰਹੇ ਕਿਉਂਕਿ ਉਸਦੇ ਮਾਂ-ਬਾਪ ਨੇ ਇਸ ਪ੍ਰੀਖਣ ਲਈ ਆਪਣਾ ਲੰਬਾ ਸਮਾਂ ਖ਼ਰਚ ਕੀਤਾ ਹੈ
ਜ਼ਿਕਰਯੋਗ ਹੈ ਕਿ ਬੱਚੇ ਦੀ ਮਾਂ ਨੂੰ ਇੱਕ ਅਜਿਹੀ ਬਿਮਾਰੀ ਲੱਗ ਗਈ ਸੀ ਕਿ ਉਸ ਦੇ ਬੱਚੇ ਮਰ ਜਾਂਦੇ ਸਨ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇਸ ਔਰਤ ਨੇ ਦੱਸਿਆ ਕਿ ਉਸ ਨੇ ਪਹਿਲਾਂ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ ਪਰ ਉਸ ਦੀ ਬਿਮਾਰੀ ਬੱਚਿਆਂ ਅੰਦਰ ਚਲੀ ਜਾਂਦੀ ਸੀ, ਇਸ ਕਾਰਨ ਉਹ ਮਰ ਜਾਂਦੇ ਸਨ। ਇਹ ਹੀ ਨਹੀਂ ਇਸ ਮਗਰੋਂ ਉਸ ਦਾ ਚਾਰ ਵਾਰ ਗਰਭਪਾਤ ਵੀ ਹੋ ਚੁੱਕਾ ਸੀ। ਇਸ ਲਈ ਉਸ ਨੇ ਨਿਊਯਾਰਕ ਸਥਿਤ 'ਨਿਊ ਹੋਪ ਫਰਟਿਲਿਟੀ ਸੈਂਟਰ' ਦੇ ਡਾਕਟਰ ਡਾਨ ਝੈਂਗ ਦੀ ਮਦਦ ਲਈ।
ਡਾਕਟਰਾਂ ਨੇ ਮਾਂ ਦੇ ਡੀ.ਐਨ.ਏ. 'ਚ ਫੈਲੀ ਬਿਮਾਰੀ ਨੂੰ ਵੱਖ ਕਰਕੇ ਕਿਸੇ ਹੋਰ ਔਰਤ ਦੀ ਮਦਦ ਨਾਲ ਬੱਚੇ ਨੂੰ ਪੈਦਾ ਕੀਤਾ ਤੇ 9 ਮਹੀਨਿਆਂ ਮਗਰੋਂ ਸਿਹਤਮੰਦ ਬੱਚੇ ਨੇ ਜਨਮ ਲਿਆ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਤਿੰਨ ਮਾਂ-ਬਾਪ ਵੱਲੋਂ ਬੱਚਾ ਜੰਮਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ 1990 'ਚ ਇਸ ਵਿਧੀ ਦੀ ਮਦਦ ਨਾਲ ਜੰਮੇ ਬੱਚਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਸਨ ਅਤੇ ਉਹ ਮਰ ਜਾਂਦੇ ਸਨ।