River of Five Colors : ਮੀਂਹ ਤੋਂ ਬਾਅਦ ਤੁਸੀਂ ਅਸਮਾਨ ਵਿੱਚ ਸੱਤ ਰੰਗਾਂ ਦੀ ਸਤਰੰਗੀ ਪੀਂਘ (Rainbow) ਦੇਖੀ ਹੋਵੇਗੀ। ਇਹ ਦਿਲਚਸਪ ਨਜ਼ਾਰਾ ਥੋੜ੍ਹੇ ਸਮੇਂ ਲਈ ਨਜ਼ਰ ਆਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਸਾਡੀ ਧਰਤੀ 'ਤੇ ਵੀ ਇੱਕ ਸਤਰੰਗੀ ਪੀਂਘ ਵੀ ਹੈ, ਹਾਲਾਂਕਿ ਇਸ ਦੇ 7 ਨਹੀਂ ਸਿਰਫ 5 ਰੰਗ ਹਨ। ਅੱਜ ਅਸੀਂ ਤੁਹਾਨੂੰ ਪੰਜ ਰੰਗਾਂ ਦੀ ਨਦੀ ਬਾਰੇ ਦੱਸਣ ਜਾ ਰਹੇ ਹਾਂ।
ਦੁਨੀਆ 'ਚ ਕੁਝ ਅਜਿਹੀਆਂ ਕੁਦਰਤੀ ਚੀਜ਼ਾਂ ਹਨ, ਜੋ ਆਪਣੀ ਅਦਭੁਤ ਖੂਬਸੂਰਤੀ ਕਾਰਨ ਵੇਖਣ ਵਿੱਚ ਨਕਲੀ ਲੱਗਦੀਆਂ ਹਨ। ਇਸ ਸੂਚੀ ਵਿੱਚ ਸਿਰਫ਼ ਇੱਕ ਅਜਿਹੀ ਨਦੀ ਸ਼ਾਮਲ ਹੈ, ਜਿਸ ਵਿੱਚ ਵਹਿੰਦਾ ਪਾਣੀ ਕੁੱਲ 5 ਰੰਗਾਂ ਦਾ ਹੈ। ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਕੁਦਰਤ ਦੇ ਇਸ ਅਨੋਖੇ ਨਮੂਨੇ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਦੱਖਣੀ ਅਮਰੀਕਾ ਮਹਾਂਦੀਪ ਦੇ ਦੇਸ਼ ਕੋਲੰਬੀਆ ਜਾਂਦੇ ਹਨ।
ਪੰਜ ਰੰਗਾਂ ਦੀ ਨਦੀ
ਕੋਲੰਬੀਆ ਦੇਸ਼ ਵਿੱਚ ਵਹਿਣ ਵਾਲੀ ਖੂਬਸੂਰਤ ਨਦੀ ਦਾ ਨਾਂ ਕੈਨੋ ਕ੍ਰਿਸਟੇਲਸ (Cano Cristales) ਹੈ। ਸੁੰਦਰਤਾ ਕਾਰਨ ਇਸ ਨੂੰ ਬ੍ਰਹਮ ਬਾਗ ਵੀ ਕਿਹਾ ਜਾਂਦਾ ਹੈ। ਆਪਣੀ ਵਿਲੱਖਣ ਵਿਸ਼ੇਸ਼ਤਾ ਕਾਰਨ ਕੈਨੋ ਕ੍ਰਿਸਟੇਲਸ ਨਦੀ ਦੁਨੀਆ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਲੋਕ ਇਸ ਨਦੀ ਵੱਲ ਖਿੱਚੇ ਜਾਂਦੇ ਹਨ। ਦਰਅਸਲ, ਇਸ ਨਦੀ ਵਿੱਚ ਪੰਜ ਵੱਖ-ਵੱਖ ਰੰਗਾਂ ਦਾ ਪਾਣੀ ਵਗਦਾ ਹੈ। ਇਨ੍ਹਾਂ ਰੰਗਾਂ ਵਿੱਚ ਪੀਲਾ, ਹਰਾ, ਲਾਲ, ਕਾਲਾ ਅਤੇ ਨੀਲਾ ਸ਼ਾਮਲ ਹੈ। ਰੰਗੀਨ ਪਾਣੀ ਕਾਰਨ ਇਸ ਨਦੀ ਨੂੰ ਪੰਜ ਰੰਗਾਂ ਦੀ ਨਦੀ (River of Five Colors) ਵੀ ਕਿਹਾ ਜਾਂਦਾ ਹੈ ਅਤੇ ਇਸ ਸਤਰੰਗੀ ਪੀਂਘ ਦੇ ਪਾਣੀ ਨੂੰ ਤਰਲ ਸਤਰੰਗੀ (Liquid Rainbow) ਵੀ ਕਿਹਾ ਜਾਂਦਾ ਹੈ।
ਪਾਣੀ ਦਾ ਰੰਗ ਬਦਲਣ ਦਾ ਕਾਰਨ
ਇਸ ਨੂੰ ਵੇਖ ਇੰਝ ਜਾਪਦਾ ਹੈ ਜਿਵੇਂ ਪੇਂਟਿੰਗ ਪੈਲੇਟ 'ਤੇ ਰੰਗ ਤੈਰ ਰਹੇ ਹੋਣ। ਇਸ ਨਦੀ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਨਦੀ ਵੀ ਮੰਨਿਆ ਜਾਂਦਾ ਹੈ। ਇਸ ਦੇ ਨਿਖਰਦੇ ਰੂਪ ਨੂੰ ਵੇਖਣ ਲਈ ਸੈਲਾਨੀ ਜੂਨ ਤੋਂ ਨਵੰਬਰ ਵਿਚਕਾਰ ਕੋਲੰਬੀਆ ਜਾਂਦੇ ਹਨ।
ਨਦੀ ਦੇ ਪਾਣੀ ਦਾ ਰੰਗ ਬਦਲਣ ਪਿੱਛੇ ਇੱਕ ਦਿਲਚਸਪ ਕਾਰਨ ਵੀ ਹੈ। ਇਹ ਕੋਈ ਜਾਦੂ ਨਹੀਂ ਹੈ ਬਲਕਿ ਨਦੀ ਦਾ ਪਾਣੀ ਹੀ ਪਚਰੰਗਾ ਹੈ। ਇਸ ਪਿੱਛੇ ਮੁੱਖ ਕਾਰਨ ਨਦੀ ਵਿੱਚ ਉਗਣ ਵਾਲਾ ਇੱਕ ਵਿਸ਼ੇਸ਼ ਪੌਦਾ ਮੈਕਰੋਨੀਆ ਕਲੇਵੀਗਰਾ ਹੈ। ਇਸ ਪੌਦੇ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਸਾਰੀ ਨਦੀ ਹੀ ਰੰਗਾਂ ਨਾਲ ਭਰ ਗਈ ਹੋਵੇ। ਜਿਵੇਂ ਹੀ ਪਾਣੀ ਦੇ ਤਲ 'ਤੇ ਮੌਜੂਦ ਪੌਦੇ ਉਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ, ਪਾਣੀ ਲਾਲ ਰੰਗ ਦਿਖਣ ਲੱਗ ਪੈਂਦਾ ਹੈ। ਇਸ ਤੋਂ ਬਾਅਦ ਹੌਲੀ ਅਤੇ ਤੇਜ਼ ਰੋਸ਼ਨੀ ਨਾਲ, ਪੌਦੇ ਦੀ ਵੱਖਰੀ ਆਭਾ ਪਾਣੀ ਦੇ ਰੰਗ 'ਤੇ ਦਿਖਾਈ ਦੇਣ ਲੱਗਦੀ ਹੈ।