ਰੂਸ-ਯੂਕਰੇਨ ਜੰਗ (Russia Ukraine War) ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਇਸ ਜੰਗ ਨੂੰ ਸ਼ੁਰੂ ਹੋਏ 4 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਰੂਸ ਦੇ ਹਮਲੇ ਯੂਕਰੇਨ ਦੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਜਾਰੀ ਹਨ। ਕਦੇ ਗ੍ਰੇਨੇਡਾਂ ਨਾਲ, ਕਦੇ ਮਿਜ਼ਾਈਲਾਂ ਨਾਲ ਅਤੇ ਕਦੇ ਟੈਂਕਾਂ ਨਾਲ ਰੂਸੀ ਫ਼ੌਜ ਹਮਲਾ ਕਰ ਰਹੀ ਹੈ। ਹਾਲਾਂਕਿ ਯੂਕਰੇਨ ਦੀ ਫ਼ੌਜ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਹਮਲਿਆਂ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਰਹੀ ਹੈ ਅਤੇ ਜਵਾਬੀ ਕਾਰਵਾਈ ਵੀ ਕਰ ਰਹੀ ਹੈ।
ਇਸ ਜੰਗ 'ਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਯੂਕਰੇਨ ਆਪਣੇ ਤੋਂ ਕਈ ਗੁਣਾ ਜ਼ਿਆਦਾ ਤਾਕਤਵਰ ਦੁਸ਼ਮਣ ਦਾ ਸਾਹਮਣਾ ਕਰ ਰਿਹਾ ਹੈ ਅਤੇ ਬੜੀ ਹਿੰਮਤ ਨਾਲ ਕਰ ਰਿਹਾ ਹੈ। ਯੂਕਰੇਨ ਦੀ ਫ਼ੌਜ ਦੀ ਦਲੇਰੀ ਦੇ ਕਈ ਕਿੱਸੇ ਤਾਂ ਤੁਸੀਂ ਸੁਣੇ ਹੀ ਹੋਣਗੇ ਪਰ ਅੱਜਕਲ ਯੂਕਰੇਨ ਦੀ ਇਕ 'ਦਲੇਰ' ਬੱਕਰੀ ਦੀ ਦੁਨੀਆਂ ਭਰ 'ਚ ਚਰਚਾ ਹੋ ਰਹੀ ਹੈ ਅਤੇ ਉਹ ਇਸ ਲਈ ਕਿ ਇਹ ਬੱਕਰੀ ਰੂਸੀ ਫੌਜ 'ਤੇ ਮੌਤ ਬਣ ਕੇ ਟੁੱਟ ਪਈ ਅਤੇ ਉਨ੍ਹਾਂ ਨੂੰ ਗ੍ਰੇਨੇਡ ਨਾਲ ਉਡਾ ਦਿੱਤਾ। ਜੀ ਹਾਂ, ਇਹ ਗੱਲ ਸੁਣਨ 'ਚ ਅਜੀਬ ਲੱਗਦੀ ਹੈ ਪਰ ਇਹ ਬਿਲਕੁਲ ਸੱਚ ਹੈ।
ਇਸ ਬੱਕਰੀ ਦੀ ਹਿੰਮਤ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਰੂਸੀ ਫ਼ੌਜ ਦੱਖਣ-ਪੂਰਬੀ ਯੂਕਰੇਨ ਦੇ ਜ਼ਪੋਰੀਜ਼ੀਆ ਓਬਲਾਸਟ ਦੇ ਕਿਨਸਕੀ ਰੋਜ਼ਡੋਰੀ ਪਿੰਡ 'ਚ ਗ੍ਰੇਨੇਡਾਂ ਦਾ ਜਾਲ ਵਿਛਾ ਰਹੇ ਸਨ। ਇਹ ਜਾਲ ਇੱਕ ਹਸਪਤਾਲ ਦੇ ਆਲੇ-ਦੁਆਲੇ ਵਿਛਾਇਆ ਜਾ ਰਿਹਾ ਸੀ। ਇਸ ਦੌਰਾਨ ਇਕ ਬੱਕਰੀ ਅਚਾਨਕ ਉੱਥੇ ਪਹੁੰਚ ਗਈ ਅਤੇ ਗ੍ਰੇਨੇਡ ਦੀਆਂ ਤਾਰਾਂ ਨਾਲ ਟਕਰਾ ਗਈ, ਜਿਸ ਕਾਰਨ ਗ੍ਰੇਨੇਡ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਧਮਾਕੇ 'ਚ ਘੱਟੋ-ਘੱਟ 40 ਰੂਸੀ ਫ਼ੌਜੀ ਜ਼ਖਮੀ ਹੋ ਗਏ।
ਲੋਕਾਂ ਨੇ ਬੱਕਰੀ ਨੂੰ ਕਿਹ 'ਗੋਟ ਆਫ਼ ਕੀਵ'
ਯੂਕਰੇਨ ਦੇ ਮੁੱਖ ਖੁਫੀਆ ਡਾਇਰੈਕਟੋਰੇਟ ਅਨੁਸਾਰ ਇਸ ਅਚਾਨਕ ਹੋਏ ਧਮਾਕੇ 'ਚ ਰੂਸੀ ਫ਼ੌਜੀਆਂ ਨੂੰ ਵੱਖ-ਵੱਖ ਪੱਧਰ 'ਤੇ ਸੱਟਾਂ ਲੱਗੀਆਂ ਹਨ। ਇਸ ਦੇ ਨਾਲ ਹੀ ਯੂਕਰੇਨੀ ਬੱਕਰੀ ਬਚੀ ਹੈ ਜਾਂ ਨਹੀਂ, ਇਹ ਅਜੇ ਸਪੱਸ਼ਟ ਨਹੀਂ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਬੱਕਰੀ ਨੂੰ 'ਗੋਟ ਆਫ਼ ਕੀਵ' ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੱਕਰੀ ਯੂਕਰੇਨ ਦੇ ਉਸ ਖੁਫੀਆ ਪਾਇਲਟ ਦੀ ਯਾਦ ਦਿਵਾਉਂਦੀ ਹੈ, ਜਿਸ ਨੇ ਭਿਆਨਕ ਲੜਾਈ 'ਚ ਇਕੱਲੇ 40 ਰੂਸੀ ਜਹਾਜ਼ਾਂ ਨੂੰ ਡੇਗ ਦਿੱਤਾ ਸੀ। ਉਸ ਪਾਇਲਟ ਨੂੰ 'ਘੋਸਟ ਆਫ਼ ਕੀਵ' ਕਿਹਾ ਗਿਆ ਸੀ।