ਚੰਡੀਗੜ੍ਹ: ਭਾਰਤ 'ਚ ਜਿੱਥੇ ਆਬਾਦੀ ਘੱਟ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਉੱਥੇ ਹੀ ਦੁਨੀਆ ਦੇ ਕੁੱਝ ਅਜਿਹੇ ਦੇਸ਼ ਵੀ ਹਨ, ਜਿੱਥੋਂ ਦੀ ਸਰਕਾਰ ਵਿਆਹ ਕਰਨ ਅਤੇ ਬੱਚਾ ਪੈਦਾ ਕਰਨ ਲਈ ਪੈਸੇ ਵੰਡ ਰਹੀ ਹੈ ਪਰ ਫਿਰ ਵੀ ਉੱਥੋਂ ਦੀ ਆਬਾਦੀ 'ਚ ਵਾਧਾ ਨਹੀਂ ਹੋ ਰਿਹਾ। ਅਜਿਹਾ ਹੀ ਇੱਕ ਦੇਸ਼ ਜਾਪਾਨ ਹੈ।


ਜਾਣਕਾਰੀ ਮੁਤਾਬਿਕ ਜਾਪਾਨ ਦੀ ਪਛਾਣ ਹਮੇਸ਼ਾ ਹੀ ਮਿਹਨਤੀ ਅਤੇ ਕੰਮ 'ਚ ਡੁੱਬੇ ਲੋਕਾਂ ਦੇ ਦੇਸ਼ ਦੇ ਰੂਪ 'ਚ ਹੋਈ ਹੈ ਪਰ ਹੁਣ ਇਹ ਦੇਸ਼ ਆਪਣੀ ਵਧਦੀ ਵਰਜਣ ਆਬਾਦੀ ਕਾਰਨ ਸੁਰਖ਼ੀਆਂ 'ਚ ਹੈ। ਦੱਸਣਯੋਗ ਹੈ ਕਿ ਦੇਸ਼ ਦੀ ਇੱਕ ਵੱਡੀ ਆਬਾਦੀ ਦੀ ਸੈਕਸ 'ਚ ਬਿਲਕੁਲ ਰੁਚੀ ਨਹੀਂ ਹੈ। ਇਸ ਦੇ ਨਾਲ ਹੀ ਦੇਸ਼ 'ਚ ਗੈਰ-ਸ਼ਾਦੀਸ਼ੁਦਾ ਲੋਕਾਂ ਦੀ ਤਾਦਾਦ ਚਿੰਤਾਜਨਕ ਸਥਿਤੀ ਤੱਕ ਪਹੁੰਚ ਗਈ ਹੈ ਅਤੇ ਇਸ ਕਾਰਨ ਲੋਕਾਂ ਦੀ ਗਿਣਤੀ 'ਚ ਵੱਡਾ ਬਦਲਾਅ ਆ ਗਿਆ ਹੈ।

ਇੱਥੇ ਬੁੱਢੇ ਹੋ ਚੁੱਕੇ ਲੋਕਾਂ ਦੀ ਆਬਾਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ ਅਤੇ ਨੌਜਵਾਨ ਪੀੜ੍ਹੀ ਵਿਆਹ ਕਰਵਾਉਣ 'ਚ ਦਿਲਚਸਪ ਨਹੀਂ ਹੈ, ਜਿਸ ਕਾਰਨ ਬੱਚੇ ਪੈਦਾ ਨਹੀਂ ਹੋ ਰਹੇ ਹਨ। ਇਸ ਕਰ ਕੇ ਸਰਕਾਰ ਵਿਆਹ ਅਤੇ ਬੱਚੇ ਪੈਦਾ ਕਰਨ ਲਈ ਪੈਸੇ ਵੀ ਦੇ ਰਹੀ ਹੈ ਪਰ ਲੋਕਾਂ ਕੋਲ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਸਮਾਂ ਹੀ ਨਹੀਂ ਹੈ। ਦੱਸਣਯੋਗ ਹੈ ਕਿ 18 ਤੋਂ 34 ਸਾਲ ਦੀ ਉਮਰ ਦੇ 70 ਫ਼ੀਸਦੀ ਅਣਵਿਆਹੇ ਮਰਦਾਂ ਅਤੇ 60 ਫ਼ੀਸਦੀ ਅਣਵਿਆਹੀਆਂ ਔਰਤਾਂ ਦੇ ਸੈਕਸ 'ਚ ਦਿਲਚਸਪੀ ਹੀ ਨਹੀਂ ਹੈ।