One Million Yen Per Child On Leaving Tokyo : ਦੁਨੀਆ ਭਰ ਤੋਂ ਅਕਸਰ ਅਜੀਬੋ-ਗਰੀਬ ਖ਼ਬਰਾਂ ਆਉਂਦੀਆਂ ਹਨ। ਇਨ੍ਹਾਂ ਖ਼ਬਰਾਂ 'ਚ ਕੁਝ ਸਰਕਾਰਾਂ ਦੇ ਐਲਾਨ ਬਾਰੇ ਹੁੰਦੀਆਂ ਹਨ, ਜੋ ਆਪਣੇ ਸ਼ਹਿਰਾਂ ਅਤੇ ਕਸਬਿਆਂ 'ਚ ਵਸਣ ਲਈ ਪੈਸੇ ਦੇਣ ਦੀ ਗੱਲ ਕਰਦੇ ਹਨ। ਪਰ ਹੁਣ ਜਿਹੜੀ ਖ਼ਬਰ ਆਈ ਹੈ, ਉਸ 'ਚ ਲੋਕਾਂ ਨੂੰ ਇੱਕ ਸ਼ਹਿਰ ਛੱਡਣ 'ਤੇ ਆਪਣੇ ਹਰ ਬੱਚੇ ਲਈ ਲੱਖਾਂ ਰੁਪਏ ਮਿਲਣਗੇ। ਇਹ ਖ਼ਬਰ ਜਾਪਾਨ ਤੋਂ ਆਈ ਹੈ। ਅੱਗੇ ਜਾਣੋ ਕੀ ਹੈ ਪੂਰਾ ਮਾਮਲਾ?


ਕਿੰਨੇ ਪੈਸੇ ਦੇਵੇਗੀ ਸਰਕਾਰ?


ਜਾਪਾਨ ਸਰਕਾਰ ਨੇ ਗ੍ਰੇਟਰ ਟੋਕੀਓ ਤੋਂ ਬਾਹਰ ਜਾਣ ਵਾਲੇ ਪਰਿਵਾਰਾਂ ਨੂੰ ਪ੍ਰਤੀ ਬੱਚਾ 1 ਮਿਲੀਅਨ ਯੇਨ (6.33 ਲੱਖ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਇਹ ਇੱਕ ਤਰ੍ਹਾਂ ਦੀ ਪ੍ਰੋਤਸਾਹਨ ਰਾਸ਼ੀ ਹੈ ਜੋ ਇਸ ਖੇਤਰ 'ਚ ਆਬਾਦੀ ਨੂੰ ਘਟਾਉਣ ਦੀ ਕੋਸ਼ਿਸ਼ 'ਚ ਦਿੱਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ ਇਹ ਰਕਮ 3,00,000 ਯੇਨ ਸੀ। ਇਸ ਸਕੀਮ ਤਹਿਤ ਹੋਰ ਰਕਮ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਕਦਮ ਸੁੰਗੜਦੇ ਕਸਬਿਆਂ ਅਤੇ ਪਿੰਡਾਂ 'ਚ ਆਬਾਦੀ ਵਧਾਉਣ ਲਈ ਸਰਕਾਰ ਵੱਲੋਂ ਅਧਿਕਾਰਤ ਯਤਨਾਂ ਦਾ ਹਿੱਸਾ ਹੈ।


ਆਬਾਦੀ ਨੂੰ ਘਟਾਉਣਾ ਹੈ ਉਦੇਸ਼


ਟੋਕੀਓ ਦੀ ਆਬਾਦੀ ਦਾ ਵੱਡਾ ਹਿੱਸਾ ਪਿਛਲੇ ਸਾਲ ਪਹਿਲੀ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਘੱਟ ਗਈ ਸੀ। ਫਿਰ ਵੀ ਉੱਥੋਂ ਦੇ ਨੀਤੀ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਦੇਸ਼ ਦੇ 'ਅਨੁਕੂਲ' ਹਿੱਸਿਆਂ ਵਿੱਚ ਲੋਕਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਕੇ ਟੋਕੀਓ ਦੀ ਆਬਾਦੀ ਦੀ ਘਣਤਾ ਨੂੰ ਘਟਾਉਣ ਲਈ ਹੋਰ ਕੁਝ ਕੀਤਾ ਜਾਣਾ ਚਾਹੀਦਾ ਹੈ। ਦਰਅਸਲ, ਅਜਿਹੀਆਂ ਥਾਵਾਂ ਤੋਂ ਨੌਜਵਾਨਾਂ ਦਾ ਇੱਕ ਵੱਡਾ ਪ੍ਰਵਾਸ ਟੋਕੀਓ, ਓਸਾਕਾ ਅਤੇ ਜਾਪਾਨ ਦੇ ਹੋਰ ਵੱਡੇ ਸ਼ਹਿਰਾਂ 'ਚ ਹੋਇਆ ਹੈ। ਇਸ ਨਾਲ ਦੇਸ਼ ਦੇ ਇਨ੍ਹਾਂ ਵੱਡੇ ਸ਼ਹਿਰਾਂ 'ਚ ਆਬਾਦੀ ਵਧੀ ਹੈ।


ਕਿਸਨੂੰ ਮਿਲੇਗਾ ਪੈਸਾ?


ਟੋਕੀਓ ਦੇ 23 'ਕੋਰ' ਵਾਰਡਾਂ 'ਚ ਰਹਿਣ ਵਾਲੇ ਪਰਿਵਾਰਾਂ ਅਤੇ ਸਾਈਤਾਮਾ, ਚਿਬਾ ਅਤੇ ਕਾਨਾਗਾਵਾ ਦੇ ਹੋਰ ਗੁਆਂਢੀ ਕਮਿਊਟਰ-ਬੈਲਟ ਪ੍ਰੀਫੈਕਚਰ 'ਚ ਰਹਿਣ ਵਾਲੇ ਪਰਿਵਾਰਾਂ ਨੂੰ ਵਿੱਤੀ ਲਾਭਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਿਓਡੋ ਨਿਊਜ਼ ਏਜੰਸੀ ਦੇ ਅਨੁਸਾਰ ਪੈਸੇ ਪ੍ਰਾਪਤ ਕਰਨ ਲਈ ਪਰਿਵਾਰਾਂ ਨੂੰ ਗ੍ਰੇਟਰ ਟੋਕੀਓ ਖੇਤਰ ਤੋਂ ਬਾਹਰ ਜਾਣਾ ਪਵੇਗਾ। ਦੱਸ ਦੇਈਏ ਕਿ ਕੁੱਲ ਨਗਰ ਪਾਲਿਕਾਵਾਂ ਵਿੱਚੋਂ ਲਗਭਗ 80 ਫ਼ੀਸਦੀ (ਲਗਭਗ 1,800) ਨੂੰ ਇਸ ਯੋਜਨਾ 'ਚ ਸ਼ਾਮਲ ਕੀਤਾ ਗਿਆ ਹੈ।


ਅਧਿਕਾਰੀਆਂ ਨੂੰ ਹੈ ਉਮੀਦ


ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਆਫ਼ਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਹੋਰ ਖੇਤਰਾਂ ਵਿੱਚ ਇਕੱਠੇ ਹੋਣ ਲਈ ਉਤਸ਼ਾਹਿਤ ਕਰੇਗੀ, ਜਿਸ ਨਾਲ ਗ੍ਰੇਟਰ ਟੋਕੀਓ 'ਤੇ ਆਬਾਦੀ ਦੇ ਦਬਾਅ ਨੂੰ ਘੱਟ ਕੀਤਾ ਜਾਵੇਗਾ, ਜਿਸ 'ਚ ਲਗਭਗ 35 ਮਿਲੀਅਨ ਲੋਕ ਹਨ। ਕਿਓਡੋ ਦੇ ਅਨੁਸਾਰ ਪਰਿਵਾਰਾਂ ਨੂੰ ਦਿੱਤੇ ਗਏ ਪੈਸੇ ਦਾ ਅੱਧਾ ਕੇਂਦਰ ਸਰਕਾਰ ਤੋਂ ਆਵੇਗਾ, ਜਦਕਿ ਬਾਕੀ ਅੱਧਾ ਸਥਾਨਕ ਨਗਰ ਪਾਲਿਕਾਵਾਂ ਤੋਂ ਆਵੇਗਾ।


3 ਸਾਲ ਤੋਂ ਚੱਲ ਰਹੀ ਹੈ ਸਕੀਮ


ਇਹ ਸਕੀਮ 3 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਸਾਲ 2019 'ਚ 71 ਅਤੇ 2020 'ਚ 290 ਪਰਿਵਾਰਾਂ ਦੇ ਮੁਕਾਬਲੇ 2021 'ਚ ਇਸ ਯੋਜਨਾ ਤਹਿਤ 1184 ਪਰਿਵਾਰਾਂ ਨੂੰ ਪੈਸੇ ਦਿੱਤੇ ਗਏ। ਹੁਣ ਸਰਕਾਰ 2027 ਤੱਕ 10,000 ਲੋਕਾਂ ਨੂੰ ਟੋਕੀਓ ਤੋਂ ਪੇਂਡੂ ਖੇਤਰਾਂ 'ਚ ਤਬਦੀਲ ਕਰਨ ਦੀ ਉਮੀਦ ਕਰ ਰਹੀ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਜਾਪਾਨ ਦੀ ਆਬਾਦੀ 'ਚ 2020-21 ਵਿੱਚ ਰਿਕਾਰਡ 644,000 ਦੀ ਕਮੀ ਆਈ ਹੈ। ਆਬਾਦੀ ਦੇ ਹੁਣ 2065 (30 ਫ਼ੀਸਦੀ ਦੀ ਗਿਰਾਵਟ) 'ਚ ਇਸ ਦੀ ਮੌਜੂਦਾ 125 ਮਿਲੀਅਨ ਤੋਂ ਘਟ ਕੇ 88 ਮਿਲੀਅਨ ਹੋਣ ਦੀ ਉਮੀਦ ਹੈ।