ਨਿਊਯਾਰਕ: ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਜਿਨਸੀ ਸ਼ੋਸ਼ਣ ਦੇ ਨਵੇਂ ਮਾਮਲੇ 'ਚ ਫਸਦੇ ਜਾ ਰਹੇ ਹਨ। ਇੱਕ ਹੋਰ ਔਰਤ ਨੇ ਸਾਹਮਣੇ ਆ ਕੇ ਸਨਸਨੀਖੇਜ਼ ਦੋਸ਼ ਲਗਾਏ ਹਨ। ਔਰਤ ਨੇ ਦਾਅਵਾ ਕੀਤਾ ਹੈ ਕਿ ਗਵਰਨਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੀਆਂ ਗੱਲਾਂ ਨੂੰ ਚੁੰਮਿਆ ਸੀ। ਕਥਿਤ ਜਿਨਸੀ ਸ਼ੋਸ਼ਣ ਦੀ ਇਹ ਘਟਨਾ ਔਰਤ ਦੇ ਘਰ 'ਚ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਵਾਪਰੀ ਸੀ।

ਨਿਊਯਾਰਕ ਦੇ ਰਾਜਪਾਲ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼
55 ਸਾਲਾ ਸ਼ੈਰੀ ਵਿਲ ਨੇ ਕਿਹਾ, "ਸਾਲ 2017 'ਚ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਵਰਨਰ ਮੇਰੇ ਘਰ ਆਏ ਸਨ। ਮੈਂ ਆਪਣੇ ਕੁੱਤੇ ਨੂੰ ਆਪਣੀਆਂ ਬਾਹਾਂ 'ਚ ਫੜ੍ਹ ਕੇ ਖੜ੍ਹੀ ਸੀ ਅਤੇ ਮੈਨੂੰ ਲੱਗਿਆ ਕਿ ਗਵਰਨਰ ਮੇਰੇ ਕੁੱਤੇ ਨਾਲ ਦੋਸਤੀ ਕਰਨ ਜਾ ਰਹੇ ਹਨ। ਪਰ ਇਸ ਦੀ ਬਜਾਏ ਉਨ੍ਹਾਂ ਨੇ ਆਪਣਾ ਚਿਹਰਾ ਕੁੱਤੇ ਅਤੇ ਮੇਰੇ ਵਿਚਕਾਰ ਰੱਖ ਦਿੱਤਾ ਅਤੇ ਮੇਰੇ ਗੱਲ੍ਹ 'ਤੇ ਕਿੱਸ ਕੀਤਾ। ਮੈਨੂੰ ਲੱਗਦਾ ਹੈ ਕਿ ਅਜਿਹਾ ਜਿਨਸੀ ਤਰੀਕੇ ਨਾਲ ਕੀਤਾ ਗਿਆ ਸੀ। ਮੈਨੂੰ ਪਤਾ ਹੈ ਕਿ ਮੈਂ ਉਦੋਂ ਸ਼ਰਮਸਾਰ ਹੋਈ ਸੀ ਤੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਚੁੰਮਣਾ ਅਜੀਬ ਲੱਗਿਆ।"

ਵਿਲ ਨੇ ਆਪਣੇ ਵਕੀਲ ਨਾਲ ਇੱਕ ਪ੍ਰੈਸ ਕਾਨਫ਼ਰੰਸ 'ਚ ਇਹ ਵੀ ਦੋਸ਼ ਲਾਇਆ, "ਰਾਜਪਾਲ ਨੇ ਮੇਰਾ ਹੱਥ ਫੜਿਆ ਅਤੇ ਕਿਹਾ ਕੀ ਤੁਸੀਂ ਇਸ ਤੋਂ ਇਲਾਵਾ ਹੋਰ ਕੁਝ ਚਾਹੁੰਦੇ ਹੋ?" ਉਨ੍ਹਾਂ ਕਿਹਾ, "ਮੈਂ ਅਨਜਾਨ ਇਸ਼ਾਰਿਆਂ ਅਤੇ ਜਿਨਸੀ ਇਸ਼ਾਰਿਆਂ 'ਚ ਅੰਤਰ ਜਾਣਦੀ ਹਾਂ। ਉਨ੍ਹਾਂ ਦੇ ਇਸ਼ਾਰੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਅਪਮਾਨਜਨਕ ਸਨ। ਮੈਂ ਹੁਣ ਚੁੱਪ ਨਹੀਂ ਰਹਿਣਾ ਚਾਹੁੰਦੀ।" ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੀ ਇਹ ਘਟਨਾ ਮਈ 2017 ਦੀ ਹੈ। ਵਿਲ ਦੀ ਬੇਟੀ ਨੇ ਸੋਸ਼ਲ ਮੀਡੀਆ 'ਤੇ ਗਵਰਨਰ ਵੱਲੋਂ ਕਿੱਸ ਕੀਤੇ ਜਾਣ ਦੀ ਤਸਵੀਰ ਪੋਸਟ ਕੀਤੀ ਹੈ।

ਇਕ ਹੋਰ ਔਰਤ ਨੇ ਸਾਲ 2017 ਦੀ ਘਟਨਾ ਦਾ ਖੁਲਾਸਾ ਕੀਤਾ
ਵਕੀਲ ਨੇ ਵੀ ਵਿਲ ਦੇ ਘਰ ਆਏ ਗਵਰਨਰ ਦੇ ਦੌਰੇ ਦੀ ਤਸਵੀਰ ਵਿਖਾਈ ਹੈ। ਤਸਵੀਰ 'ਚ ਗਵਰਨਰ ਦੇ ਦਸਤਖ਼ਤ ਕੀਤੀ ਹੋਈ ਇਕ ਤਸਵੀਰ ਵੀ ਹੈ, ਜਿਸ ਨੂੰ ਵਿਲ ਨੂੰ ਚਿੱਠੀ ਦੇ ਨਾਲ ਭੇਜਿਆ ਗਿਆ ਸੀ। ਵਿਲ ਦੇ ਵਕੀਲ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦਾ ਇਹ ਮੁੱਦਾ ਨਾ ਸਿਰਫ਼ ਕਰਮਚਾਰੀਆਂ ਬਾਰੇ ਇਕ ਮਾਲਕ ਲਈ ਹਨ। ਉਨ੍ਹਾਂ ਕਿਹਾ, "ਵਿਲ ਇਕ ਕਰਮਚਾਰੀ ਨਹੀਂ ਸੀ... ਤੇ ਮੈਂ ਸੋਚਦਾ ਹਾਂ ਕਿ ਸਾਰੇ ਨਿਊਯਾਰਕ ਦੇ ਸ਼ਹਿਰੀਆਂ ਨਾਲ ਮਾਣ ਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ।" ਹੁਣ ਤਕ ਬਹੁਤ ਸਾਰੀਆਂ ਔਰਤਾਂ ਅੱਗੇ ਆ ਚੁੱਕੀਆਂ ਹਨ ਅਤੇ ਜਿਨਸੀ ਸ਼ੋਸ਼ਣ ਜਾਂ ਅਣਉੱਚਿਤ ਵਿਵਹਾਰ ਦਾ ਦੋਸ਼ ਐਂਡਰਿਊ ਕਿਊਮੋ ਵਿਰੁੱਧ ਲਗਾਏ ਗਏ ਹਨ।

ਗਵਰਨਰ ਵਿਰੁੱਧ ਜਾਂਚ ਚੱਲ ਰਹੀ ਹੈ ਅਤੇ ਨਿਊਯਾਰਕ ਦੇ ਅਟਾਰਨੀ ਜਨਰਲ ਵੀ ਦਾਅਵਿਆਂ ਦੀ ਸੱਚਾਈ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਐਂਡਰਿਊ ਕਿਊਮੋ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਤਿੰਨ ਬੱਚਿਆਂ ਦੀ ਮਾਂ ਵਿਲ ਨੇ ਕਿਹਾ ਹੈ ਕਿ ਕਿਊਮੋ ਦੇ ਦੌਰੇ ਤੋਂ ਕਈ ਦਿਨਾਂ ਬਾਅਦ ਉਨ੍ਹਾਂ ਦੇ ਇਕ ਸਟਾਫ਼ ਮੈਂਬਰ ਨੇ ਉਸ ਨੂੰ ਕਾਲ ਕੀਤੀ ਸੀ ਤੇ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਜਿਸ 'ਚ ਗਵਰਨਰ ਵੀ ਸ਼ਿਰਕਤ ਕਰ ਰਹੇ ਸਨ।