Happy Rose Day 2023: ਵੈਲੇਨਟਾਈਨ ਡੇਅ ਵੀਕ ਸ਼ੁਰੂ ਹੋ ਗਿਆ ਹੈ। ਅੱਜ ਇਸ ਵਿਸ਼ੇਸ਼ ਹਫ਼ਤੇ ਦਾ ਪਹਿਲਾ ਦਿਨ ਹੈ, ਜਿਸ ਨੂੰ ਰੋਜ਼ ਡੇਅ (Rose Day) ਕਿਹਾ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਗੁਲਾਬ ਦਿੰਦੇ ਹਨ। ਹਰ ਕੋਈ ਇਸ ਗੱਲ 'ਤੇ ਨਜ਼ਰ ਰੱਖਦਾ ਹੈ ਕਿ ਤੁਸੀਂ ਇਸ ਖ਼ਾਸ ਦਿਨ 'ਤੇ ਆਪਣੇ ਪ੍ਰੇਮੀ ਨੂੰ ਕਿਹੜਾ ਗੁਲਾਬ ਦਿੰਦੇ ਹੋ। ਪਰ ਇਸ ਦੁਨੀਆ 'ਚ ਇੱਕ ਅਜਿਹਾ ਗੁਲਾਬ ਵੀ ਹੈ, ਜਿਸ ਨੂੰ ਤੁਸੀਂ ਚਾਹ ਕੇ ਵੀ ਆਪਣੇ ਪ੍ਰੇਮੀ ਨੂੰ ਨਹੀਂ ਦੇ ਸਕਦੇ, ਕਿਉਂਕਿ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਫੁੱਲ ਦੀ ਕੀਮਤ ਇੰਨੀ ਹੈ ਕਿ ਅੰਬਾਨੀ ਅਤੇ ਅਡਾਨੀ ਵੀ ਆਪਣੀ ਪਤਨੀ ਨੂੰ ਇਹ ਫੁੱਲ ਦੇਣ ਤੋਂ ਪਹਿਲਾਂ 100 ਵਾਰ ਸੋਚਣਗੇ। ਅੱਜ ਅਸੀਂ ਤੁਹਾਨੂੰ ਇਸ ਫੁੱਲ ਬਾਰੇ ਦੱਸਾਂਗੇ।


ਇਹ ਕਿਹੜਾ ਗੁਲਾਬ ਹੈ?


ਇਸ ਗੁਲਾਬ ਦਾ ਨਾਂਅ ਜੂਲੀਅਟ ਰੋਜ਼ (Juliet Rose) ਹੈ। ਇਹ ਦਿਖਣ 'ਚ ਬਹੁਤ ਸੁੰਦਰ ਹੁੰਦਾ ਹੈ। ਇਸ ਦਾ ਰੰਗ ਚਿੱਟੇ, ਗੁਲਾਬੀ ਅਤੇ ਪੀਲੇ ਦਾ ਮਿਸ਼ਰ ਹੁੰਦਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਹ ਗੁਲਾਬ ਖਿੜਦਾ ਹੈ, ਉਸ ਤਰ੍ਹਾਂ ਹੋਰ ਕੋਈ ਗੁਲਾਬ ਨਹੀਂ ਖਿੜਦਾ। ਦੇਖਣ 'ਚ ਇਹ ਫੁੱਲ ਇਕ ਦਮ ਭਰਿਆ-ਭਰਿਆ ਲੱਗਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਫੁੱਲ ਨੂੰ ਖਿੜਣ ਲਈ ਇੱਕ ਜਾਂ ਦੋ ਸਾਲ ਨਹੀਂ ਲੱਗਦੇ ਸਗੋਂ 15 ਸਾਲ ਲੱਗ ਜਾਂਦੇ ਹਨ। ਇਸ ਗੁਲਾਬ ਦੀ ਖੁਸ਼ਬੂ ਇੰਨੀ ਤੇਜ਼ ਹੁੰਦੀ ਹੈ ਕਿ ਇਸ ਦੇ ਨੇੜੇ ਤੋਂ ਲੰਘਦੇ ਹੋਏ ਵੀ ਇਸ ਦੀ ਮਹਿਕ ਆਉਣ ਲੱਗਦੀ ਹੈ।


128 ਕਰੋੜ ਰੁਪਏ ਹੈ ਇਸ ਫੁੱਲ ਦੀ ਕੀਮਤ


ਫਾਈਨਾਂਸ ਆਨਲਾਈਨ ਦੀ ਇੱਕ ਰਿਪੋਰਟ ਦੇ ਅਨੁਸਾਰ ਇੱਕ ਜੂਲੀਅਟ ਰੋਜ਼ ਦੀ ਕੀਮਤ ਲਗਭਗ 15.8 ਮਿਲੀਅਨ ਡਾਲਰ ਹੈ। ਮਤਲਬ ਜੇਕਰ ਅੱਜ ਇਸ ਨੂੰ ਭਾਰਤੀ ਰੁਪਏ 'ਚ ਬਦਲਿਆ ਜਾਵੇ ਤਾਂ ਇਹ ਲਗਭਗ 128 ਕਰੋੜ ਰੁਪਏ ਬਣਦਾ ਹੈ। ਇਸ ਗੁਲਾਬ ਦੀ ਕੀਮਤ ਇਸ ਲਈ ਇੰਨੀ ਜ਼ਿਆਦਾ ਹੈ ਕਿਉਂਕਿ ਇਸ ਨੂੰ ਖਿੜਣ ਲਈ ਘੱਟੋ-ਘੱਟ 15 ਸਾਲ ਲੱਗ ਜਾਂਦੇ ਹਨ। ਇਸ ਗੁਲਾਬ ਨੂੰ ਐਪ੍ਰੀਕੋਟ-ਹਿਊਡ ਹਾਈਬ੍ਰਿਡ ਕਿਹਾ ਜਾਂਦਾ ਹੈ। ਜਦੋਂ ਇਹ ਫੁੱਲ 2006 'ਚ ਪਹਿਲੀ ਵਾਰ ਖਿੜਿਆ ਸੀ ਤਾਂ ਉਸ ਸਮੇਂ ਇਸ ਦੀ ਕੀਮਤ 90 ਕਰੋੜ ਰੁਪਏ ਦੇ ਕਰੀਬ ਸੀ।


ਇਸ ਫੁੱਲ ਦੀ ਖੋਜ ਕਿਸ ਨੇ ਕੀਤੀ?


ਇਸ ਗੁਲਾਬ ਦੀ ਖੋਜ ਡੇਵਿਡ ਆਸਟਿਨ ਨੇ ਕੀਤੀ ਸੀ। ਉਨ੍ਹਾਂ ਨੇ ਕਈ ਤਰ੍ਹਾਂ ਦੇ ਗੁਲਾਬ ਮਿਲਾ ਕੇ ਇਸ ਨੂੰ ਬਣਾਇਆ ਸੀ। ਡੇਵਿਡ ਆਸਟਿਨ ਦੀ ਵੈੱਬਸਾਈਟ ਦੇ ਮੁਤਾਬਕ ਉਨ੍ਹਾਂ ਦੇ ਇਸ ਖ਼ਾਸ ਗੁਲਾਬ ਦੀ ਖੁਸ਼ਬੂ ਚਾਹ ਦੀ ਹਲਕੀ ਮਹਿਕ ਅਤੇ ਪਰਫਿਊਮ ਦੀ ਖੁਸ਼ਬੂ ਵਰਗੀ ਹੁੰਦੀ ਹੈ। ਡੇਵਿਡ ਆਸਟਿਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਲਾਬ ਦੀ ਕੀਮਤ ਇਸ ਲਈ ਇੰਨੀ ਜ਼ਿਆਦਾ ਹੈ ਕਿਉਂਕਿ ਇਸ ਨੂੰ ਉਗਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਕੋਈ ਹੋਰ ਇਸ ਨੂੰ ਉਗਾਉਂਦਾ ਨਹੀਂ ਹੈ।