HDFC Bank Technical Glitch: ਤਾਮਿਲਨਾਡੂ ਵਿੱਚ HDFC ਬੈਂਕ ਨੇ ਇੱਕ ਦਿਨ ਲਈ ਆਪਣੇ 100 ਤੋਂ ਵੱਧ ਗਾਹਕਾਂ ਨੂੰ ਅਮੀਰ ਬਣਾ ਦਿੱਤਾ। ਐਤਵਾਰ ਨੂੰ ਬੈਂਕ ਨੇ ਉਨ੍ਹਾਂ ਦੇ ਖਾਤਿਆਂ 'ਚ 13-13 ਕਰੋੜ ਰੁਪਏ ਪਾ ਦਿੱਤੇ। ਹਾਲਾਂਕਿ ਕੁਝ ਸਮੇਂ ਬਾਅਦ ਗਾਹਕਾਂ ਦੀ ਇਹ ਖੁਸ਼ੀ ਗਾਈਬ ਹੋ ਗਈ। ਦੱਸ ਦਈਏ ਕਿ ਦੇਸ਼ ਦੇ ਵੱਡੇ ਬੈਂਕ ਵੱਲੋਂ ਕੀਤੀ ਗਈ ਗਲਤੀ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ।
ਦਰਅਸਲ, ਚੇਨਈ ਦੇ ਟੀ ਨਗਰ ਸਥਿਤ ਐਚਡੀਐਫਸੀ ਬੈਂਕ ਦੀ ਸ਼ਾਖਾ ਨਾਲ ਜੁੜੇ 100 ਗਾਹਕਾਂ ਨੂੰ ਇੱਕ ਐਸਐਮਐਸ ਰਾਹੀਂ ਬੈਂਕ ਨੇ ਹਰ ਗਾਹਕ ਨੂੰ ਦੱਸਿਆ ਕਿ ਉਨ੍ਹਾਂ ਦੇ ਖਾਤੇ 'ਚ 13 ਕਰੋੜ ਰੁਪਏ ਜਮ੍ਹਾ ਹੋ ਚੁੱਕੇ ਹਨ। ਮਤਲਬ ਬੈਂਕ ਵੱਲੋਂ ਕੁੱਲ 1300 ਕਰੋੜ ਰੁਪਏ ਦੇ ਮੈਸੇਜ ਭੇਜੇ ਗਏ। ਖਾਤੇ ਵਿੱਚ ਇੰਨੀ ਵੱਡੀ ਰਕਮ ਆਉਂਦੇ ਹੀ ਇੱਕ ਗਾਹਕ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਸਦਾ ਖਾਤਾ ਹੈਕ ਹੋ ਸਕਦਾ ਹੈ।
ਪੁਲਿਸ ਨੇ ਬੈਂਕ ਸ਼ਾਖਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਦੱਸਿਆ ਗਿਆ ਕਿ ਕਿਸੇ ਤਕਨੀਕੀ ਨੁਕਸ ਕਾਰਨ ਐਸਐਮਐਸ ਚਲਾ ਗਿਆ। ਪਤਾ ਲੱਗਾ ਕਿ ਬ੍ਰਾਂਚ 'ਚ ਇੱਕ ਸਾਫਟਵੇਅਰ ਪੈਚ ਦੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ਕਾਰਨ ਇਹ ਸਮੱਸਿਆ ਆਈ। ਹਾਲਾਂਕਿ, ਸਮੱਸਿਆ ਚੇਨਈ ਵਿੱਚ ਉਸੇ HDFC ਬੈਂਕ ਸ਼ਾਖਾ ਦੇ ਕੁਝ ਖਾਤਿਆਂ ਤੱਕ ਸੀਮਿਤ ਸੀ।
ਐਚਡੀਐਫਸੀ ਦੇ ਇੱਕ ਸੂਤਰ ਨੇ ਕਿਹਾ ਕਿ ਇਹ ਸਿਰਫ ਤਕਨੀਕੀ ਖਰਾਬੀ ਕਾਰਨ ਹੋਇਆ। ਕੋਈ ਹੈਕਿੰਗ ਨਹੀਂ ਹੋਈ ਅਤੇ 100 ਗਾਹਕਾਂ ਦੇ ਖਾਤਿਆਂ 'ਚ 13 ਕਰੋੜ ਰੁਪਏ ਜਮ੍ਹਾ ਨਹੀਂ ਹੋਏ। ਸਿਰਫ ਗਲਤੀ ਨਾਲ ਇਹ ਸੁਨੇਹਾ ਚਲਾ ਗਿਆ ਸੀ।
ਬੈਂਕ ਸੂਤਰ ਨੇ ਅੱਗੇ ਕਿਹਾ, ''ਸੂਚਨਾ ਮਿਲਣ 'ਤੇ ਅਸੀਂ ਤੁਰੰਤ ਇਨ੍ਹਾਂ ਖਾਤਿਆਂ 'ਚੋਂ ਪੈਸੇ ਕਢਵਾਉਣੇ ਬੰਦ ਕਰ ਦਿੱਤੇ। ਇਸ ਦੌਰਾਨ ਖਾਤੇ ਵਿੱਚ ਸਿਰਫ ਪੈਸੇ ਜਮ੍ਹਾ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਪਾਬੰਦੀ ਨਹੀਂ ਹਟਾਈ ਜਾਵੇਗੀ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਐਤਵਾਰ ਨੂੰ 80 ਫੀਸਦੀ ਸਮੱਸਿਆ ਠੀਕ ਹੋ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਈਟੀ ਰਿਟਰਨ ਭਰਨ ਸਮੇਂ ਗਾਹਕਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਵੀ ਨਿਸ਼ਚਿਤ ਤੌਰ 'ਤੇ ਹੱਲ ਕੀਤਾ ਜਾਵੇਗਾ।