Twitter Spam Accounts: ਐਲੋਨ ਮਸਕ ਨਾਲ ਟਵਿੱਟਰ ਦਾ ਸੌਦਾ ਅਜੇ ਵੀ ਲਟਕਿਆ ਹੋਇਆ ਹੈ। ਇਸ ਦੌਰਾਨ ਟਵਿਟਰ ਨੇ ਸਪੈਮ ਅਕਾਊਂਟ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਟਵਿੱਟਰ ਨੇ ਕਿਹਾ ਹੈ ਕਿ ਕੰਪਨੀ ਹਰ ਰੋਜ਼ 1 ਮਿਲੀਅਨ ਸਪੈਮ ਅਕਾਊਂਟਾਂ ਨੂੰ ਹਟਾਉਂਦੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਬ੍ਰੀਫਿੰਗ 'ਚ ਕਿਹਾ ਕਿ ਟਵਿੱਟਰ ਹਰ ਦਿਨ 10 ਲੱਖ ਤੋਂ ਵੱਧ ਸਪੈਮ ਅਕਾਊਂਟਾਂ (Spam Accounts) ਨੂੰ ਹਟਾ ਦਿੰਦਾ ਹੈ। ਇਹ ਨੁਕਸਾਨਦੇਹ ਆਟੋਮੇਟਿਡ ਬੋਟਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਟਵਿੱਟਰ ਦੀ ਨਵੀਂ ਰਣਨੀਤੀ ਦੇ ਸੰਕੇਤ ਹਨ, ਕਿਉਂਕਿ ਅਰਬਪਤੀ ਐਲੋਨ ਮਸਕ (Elon Musk) ਨੇ ਸੋਸ਼ਲ ਮੀਡੀਆ ਕੰਪਨੀ ਨੂੰ ਹੋਰ ਜਾਣਕਾਰੀ ਦੇਣ ਦੀ ਮੰਗ ਕੀਤੀ ਸੀ।


Spam Accounts ਕਾਰਨ ਐਲੋਨ ਮਸਕ ਸੌਦੇ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਟੇਸਲਾ ਦੇ ਸੀਈਓ ਨੇ ਟਵਿੱਟਰ ਨੂੰ 44 ਬਿਲੀਅਨ ਡਾਲਰ 'ਚ ਖਰੀਦਣ ਦੀ ਪੇਸ਼ਕਸ਼ ਕੀਤੀ ਸੀ, ਪਰ ਫ਼ਰਜ਼ੀ ਅਕਾਊਂਟਾਂ ਨੂੰ ਲੈ ਕੇ ਮਤਭੇਦ ਅਜੇ ਵੀ ਬਰਕਰਾਰ ਹਨ।


ਸਪੈਮ ਬੋਟਸ ਬਾਰੇ ਐਲੋਨ ਮਸਕ ਦੀ ਚਿੰਤਾ
ਫ਼ਰਜ਼ੀ ਖਾਤਿਆਂ ਅਤੇ ਸਪੈਮ ਬੋਟਸ ਨੂੰ ਲੈ ਕੇ ਕੰਪਨੀ ਦਾ ਐਲੋਨ ਮਸਕ ਨਾਲ ਮਤਭੇਦ ਹੈ। ਟੇਸਲਾ ਦੇ ਸੀਈਓ ਐਲੋਨ ਮਸਕ ਨੇ ਧਮਕੀ ਦਿੱਤੀ ਕਿ ਜੇਕਰ ਕੰਪਨੀ ਇਹ ਨਹੀਂ ਦਿਖਾ ਸਕਦੀ ਹੈ ਕਿ ਉਸ ਦੇ ਡੇਲੀ ਐਕਟਿਵ ਯੂਜਰਸ 'ਚੋਂ 5 ਫ਼ੀਸਦੀ ਤੋਂ ਘੱਟ ਆਟੋਮੈਟਿਕ ਸਪੈਮ ਅਕਾਊਂਟ ਹਨ। ਮਸਕ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਟਵਿੱਟਰ ਨੂੰ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਵੱਡੀ ਤਰਜ਼ੀਹ ਸਪੈਮ ਬੋਟਸ ਨੂੰ ਖਤਮ ਕਰਨਾ ਹੈ।


ਫ਼ਰਜੀ ਅਕਾਊਂਟਾਂ ਦੀ ਕੀ ਹੈ ਸਮੱਸਿਆ?
ਟਵਿੱਟਰ ਅਤੇ ਇਸ ਦੇ ਨਿਵੇਸ਼ਕ ਫ਼ਰਜ਼ੀ ਅਕਾਊਂਟਾਂ (Fake Account) ਦੀ ਸਮੱਸਿਆ ਤੋਂ ਚੰਗੀ ਤਰ੍ਹਾਂ ਜਾਣੂ ਹਨ। ਐਲੋਨ ਮਸਕ ਨੇ ਸਬੂਤ ਦਿੱਤੇ ਬਗੈਰ ਦਲੀਲ ਦਿੱਤੀ ਕਿ ਟਵਿੱਟਰ ਨੇ ਸਪੈਮ ਬੋਟਾਂ ਦੀ ਗਿਣਤੀ ਨੂੰ ਬਹੁਤ ਘੱਟ ਅੰਦਾਜ਼ਾ ਲਗਾਇਆ ਸੀ। ਆਟੋਮੈਟਿਕ ਅਕਾਊਂਟ ਆਮ ਤੌਰ 'ਤੇ ਘੁਟਾਲਿਆਂ ਅਤੇ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰਦੇ ਹਨ। ਜ਼ਿਕਰਯੋਗ ਹੈ ਕਿ ਫਰਜ਼ੀ ਸੋਸ਼ਲ ਮੀਡੀਆ ਖਾਤਿਆਂ ਦੀ ਸਮੱਸਿਆ ਸਾਲਾਂ ਤੋਂ ਬਣੀ ਹੋਈ ਹੈ। ਸਪੈਮ ਬੋਟਸ ਦੀ ਵਰਤੋਂ ਸੰਦੇਸ਼ਾਂ ਨੂੰ ਵਧਾਉਣ ਅਤੇ ਪ੍ਰਚਾਰ ਫੈਲਾਉਣ ਲਈ ਵੀ ਕੀਤੀ ਜਾਂਦੀ ਹੈ।


Twitter ਸਪੈਮ ਬੋਟਸ ਕੀ ਹੈ?
ਸਪੈਮ ਬੋਟਸ (Spam Bots) ਇੱਕ ਆਮ ਖਾਤੇ ਦੇ ਸਮਾਨ ਹੁੰਦੇ ਹਨ ਪਰ ਇੱਕ ਵੱਖਰੇ ਤਰੀਕੇ ਨਾਲ ਸੰਚਾਲਿਤ ਹੁੰਦੇ ਹਨ। ਇੱਕ ਤਰ੍ਹਾਂ ਨਾਲ, ਇਹ ਕਲੋਨ ਅਕਾਊਂਟ ਹੁੰਦੇ ਹਨ। ਆਮ ਅਕਾਊਂਟ ਦੀ ਤਰ੍ਹਾਂ ਇਸ 'ਚ ਵੀ ਲਾਈਕ ਰੀਟਵੀਟ ਵਰਗੇ ਆਪਸ਼ਨ ਹਨ। ਉਹ ਇੱਕ ਖ਼ਾਸ ਸਿਸਟਮ ਵੱਲੋਂ ਸੰਚਾਲਿਤ ਹੁੰਦੇ ਹਨ। ਇਸ ਦਾ ਉਦੇਸ਼ ਕਿਸੇ ਪ੍ਰੋਡਕਟ ਜਾਂ ਸਰਵਿਸ ਲਈ ਵੈਬਸਾਈਟ 'ਤੇ ਟ੍ਰੈਫਿਕ ਲਿਆਉਣਾ ਹੁੰਦਾ ਹੈ। ਇਸ ਰਾਹੀਂ ਗੁੰਮਰਾਹਕੁੰਨ ਏਜੰਡਾ ਫੈਲਾਇਆ ਜਾਂਦਾ ਹੈ। ਚੋਣਾਂ 'ਚ ਵੀ ਅਜਿਹੇ ਅਕਾਊਂਟਾਂ ਦੀ ਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਹਾਲਾਂਕਿ ਟਵਿੱਟਰ ਬੋਟਸ ਨੂੰ ਹਟਾਉਣ ਦੇ ਸਬੰਧ 'ਚ ਐਲੋਨ ਮਸਕ (Elon Musk) ਦੇ ਨਾਲ ਸੌਦੇ ਨੂੰ ਅਜੇ ਤੱਕ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ।