Man Bites Police Dog: ਲੋਕ ਕਿਸੇ ਚੀਜ਼ ਨੂੰ ਉਦੋਂ ਹੀ ਨੋਟਿਸ ਕਰਦੇ ਹਨ ਜਦੋਂ ਉਹ ਥੋੜ੍ਹੀ ਅਜੀਬ ਹੋਏ। ਮਿਸਾਲ ਦੇ ਤੌਰ 'ਤੇ ਜਾਨਵਰਾਂ ਦਾ ਮਨੁੱਖਾਂ 'ਤੇ ਚਿਲਾਉਣਾ ਜਾਂ ਉਸ ਨੂੰ ਕੱਟਣਾ ਜਾਨਵਾਰਾਂ ਦੇ ਸੁਭਾਅ ਅਨੁਸਾਰ ਕੋਈ ਵੱਡੀ ਗੱਲ ਨਹੀਂ ਪਰ ਇਹ ਗੱਲ ਉਦੋਂ ਚਰਚਾ ਦਾ ਵਿਸ਼ਾ ਬਣਦੀ ਹੈ ਜਦੋਂ ਮਨੁੱਖ ਕਿਸੇ ਜਾਨਵਰ ਨੂੰ ਕੱਟ ਲੈਂਦਾ ਹੈ। ਹਾਲਾਂਕਿ ਅਜਿਹਾ ਘੱਟ ਹੀ ਹੁੰਦਾ ਹੈ ਪਰ ਫਿਰ ਵੀ ਅੱਜ ਅਸੀਂ ਤੁਹਾਨੂੰ ਜਿਸ ਘਟਨਾ ਬਾਰੇ ਦੱਸਣ ਜਾ ਰਹੇ ਹਾਂ, ਉਹ ਅਜਿਹੀ ਹੀ ਹੈ।
ਜੀ ਹਾਂ, ਅਮਰੀਕਾ ਦੀ ਡੇਲਾਵੇਅਰ ਸਟੇਟ ਪੁਲਿਸ ਨੇ ਅਜਿਹਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ, ਜੋ ਉਨ੍ਹਾਂ ਦੇ ਦੰਗ ਰਹਿ ਜਾਣ ਲਈ ਕਾਫੀ ਸੀ। ਪੁਲਿਸ ਇੱਕ ਵਿਅਕਤੀ ਨੂੰ ਤੇਜ਼ ਰਫਤਾਰ ਕਰਕੇ ਫੜਨਾ ਚਾਹੁੰਦੀ ਸੀ ਤੇ ਇਸੇ ਲਈ ਉਸ ਸ਼ਖਸ ਦਾ ਪਿੱਛਾ ਕੀਤਾ। ਇਸ ਦੌਰਾਨ ਉਸ ਵਿਅਕਤੀ ਨੇ ਜੋ ਹਰਕਤ ਕੀਤੀ, ਉਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਇਸ ਵਿਅਕਤੀ ਨੇ ਪੁਲਿਸ ਦੇ ਕੁੱਤੇ ਨੂੰ ਵੀ ਕਈ ਵਾਰ ਵੱਢ ਲਿਆ।
ਜਮਾਲ ਵਿੰਗ ਨਾਂ ਦੇ 47 ਸਾਲਾ ਵਿਅਕਤੀ 'ਤੇ ਡੇਲਾਵੇਅਰ ਸਟੇਟ ਪੁਲਿਸ ਦੀ ਨਜ਼ਰ ਉਦੋਂ ਪਈ ਜਦੋਂ ਉਹ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਉਹ ਆਪਣੀ ਕਾਰ ਤੋਂ ਬਾਹਰ ਨਿਕਲਿਆ ਤੇ ਜਦੋਂ ਪੁਲਿਸ ਉਸ ਨੂੰ ਅੰਦਰ ਜਾਣ ਲਈ ਕਹਿ ਰਹੀ ਸੀ ਤਾਂ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ 8 ਜੁਲਾਈ 2023 ਦੀ ਹੈ। ਜਦੋਂ ਪੁਲਿਸ ਦੇ ਕਹਿਣ 'ਤੇ ਉਕਤ ਵਿਅਕਤੀ ਗੱਡੀ ਦੇ ਅੰਦਰ ਨਹੀਂ ਗਿਆ ਤਾਂ ਸਿਪਾਹੀਆਂ ਨੇ ਆਪਣੇ ਇੱਕ ਕੁੱਤੇ ਨੂੰ ਮੋਰਚਾ ਸੰਭਾਲ ਲਿਆ। ਇਸ ਝਗੜੇ ਦੌਰਾਨ ਜਮਾਲ ਵਿੰਗ ਨੇ DSP K9 ਪੁਲਿਸ ਡੌਗ ਨੂੰ ਦੰਦਾਂ ਨਾਲ ਕਈ ਵਾਰ ਕੱਟਿਆ ਤੇ ਉਹ ਜ਼ਖ਼ਮੀ ਹੋ ਗਿਆ।
ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਮਾਲ ਵਿੰਗ ਨੇ ਸ਼ਰਾਬ ਪੀਤੀ ਸੀ। ਉਸ ਨੂੰ ਐਮਰਜੈਂਸੀ ਮੈਡੀਕਲ ਸਰਵਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਉਸ ਦਾ ਇਲਾਜ ਕੀਤਾ ਜਾ ਸਕੇ। ਇਸ ਦੇ ਨਾਲ ਹੀ ਕੁੱਤੇ ਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਕਿਉਂਕਿ ਵਿਅਕਤੀ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਠੀਕ ਹੋਣ ਤੋਂ ਬਾਅਦ, ਦੋਸ਼ੀ ਵਿਅਕਤੀ 'ਤੇ ਡਿਊਟੀ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਤੇ ਉਨ੍ਹਾਂ ਦੇ ਕੁੱਤੇ 'ਤੇ ਹਮਲਾ ਕਰਨ ਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ ਹਨ।