ਥਾਈਲੈਂਡ ਦੇ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਥਾਨਾਕਰਨ ਕਾਂਥੀ(Thanakarn Kanthee) ਜੋ ਆਨਲਾਈਨ 'Bank Leicester' ਵਜੋਂ ਜਾਣੇ ਜਾਂਦੇ ਸਨ। ਉਸ ਨੇ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਕੇ ਪੈਸਾ ਕਮਾਇਆ ਪਰ ਇੱਕ ਚੁਣੌਤੀ ਉਸ ਲਈ ਉਸ ਦੀ ਜ਼ਿੰਦਗੀ ਦੀ ਆਖ਼ਰੀ ਸਾਬਤ ਹੋਈ । 21 ਸਾਲਾ ਕਾਂਥੀ ਨੂੰ 75,228 ਰੁਪਏ ਜਿੱਤਣ ਲਈ 20 ਮਿੰਟਾਂ ਵਿੱਚ ਵਿਸਕੀ ਦੀਆਂ ਦੋ ਬੋਤਲਾਂ ਪੀਣ ਦੀ ਚੁਣੌਤੀ ਦਿੱਤੀ ਗਈ ਸੀ।
Kanthee ਅਜਿਹੀਆਂ ਜ਼ੋਖ਼ਮ ਭਰੀਆਂ ਗਤੀਵਿਧੀਆਂ ਲਈ ਜਾਣਿਆ ਜਾਂਦਾ ਸੀ। ਇਸ ਤੋਂ ਪਹਿਲਾਂ ਉਹ ਹੈਂਡ ਸੈਨੀਟਾਈਜ਼ਰ ਤੇ ਵਸਾਬੀ ਖਾਣ ਵਰਗੀਆਂ ਖਤਰਨਾਕ ਚੁਣੌਤੀਆਂ ਲੈ ਚੁੱਕਾ ਹੈ ਪਰ ਇਸ ਵਾਰ ਚੁਣੌਤੀ ਉਸ ਦੀ ਜ਼ਿੰਦਗੀ 'ਤੇ ਭਾਰੀ ਹੋ ਗਈ।
ਕ੍ਰਿਸਮਸ ਦੀ ਰਾਤ ਨੂੰ ਥਾ ਮਾਈ ਜ਼ਿਲ੍ਹੇ ਵਿੱਚ ਜਨਮਦਿਨ ਪਾਰਟੀ ਦਾ ਜਸ਼ਨ ਪੂਰੇ ਜ਼ੋਰਾਂ 'ਤੇ ਸੀ। ਇਸ ਦੌਰਾਨ, ਕਾਂਥੀ ਨੂੰ ਰੀਜੈਂਸੀ ਵਿਸਕੀ ਦੀ 350 ਮਿਲੀਲੀਟਰ ਦੀ ਬੋਤਲ ਪੀਣ ਲਈ 10,000 ਥਾਈ ਬਾਠ ਦੀ ਪੇਸ਼ਕਸ਼ ਕੀਤੀ ਗਈ। ਭੀੜ ਨੇ ਤਾੜੀਆਂ ਮਾਰੀਆਂ ਤੇ ਕਾਂਥੀ ਨੇ ਚੁਣੌਤੀ ਸਵੀਕਾਰ ਕਰ ਲਈ। ਕਾਂਥੀ, ਜੋ ਪਹਿਲਾਂ ਹੀ ਸ਼ਰਾਬੀ ਸੀ, ਨੇ 20 ਮਿੰਟਾਂ ਦੇ ਅੰਦਰ ਦੋ ਬੋਤਲਾਂ ਪਾ ਲਈਆਂ।
ਚੈਲੰਜ ਤੋਂ ਬਾਅਦ ਕਾਂਥੀ ਅਚਾਨਕ ਠੋਕਰ ਖਾ ਕੇ ਸਟੇਜ 'ਤੇ ਡਿੱਗ ਗਿਆ। ਉੱਥੇ ਮੌਜੂਦ ਭੀੜ ਨੇ ਤਾੜੀਆਂ ਮਾਰਦੇ ਹੋਏ ਇਹ ਸਭ ਰਿਕਾਰਡ ਕੀਤਾ। ਕੋਈ ਮਦਦ ਕਰਨ ਦੀ ਬਜਾਏ ਲੋਕ ਤਮਾਸ਼ਬੀਨ ਬਣੇ ਰਹੇ। ਕਾਂਥੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਮੌਤ ਦਾ ਕਾਰਨ ਜ਼ਹਿਰੀਲੀ ਸ਼ਰਾਬ ਪੀਣਾ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਕਾਂਥੀ ਨੂੰ ਇਹ ਖਤਰਨਾਕ ਚੈਲੰਜ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਛਾਪੇਮਾਰੀ ਦੌਰਾਨ ਉਸ ਦੇ ਘਰੋਂ ਪਿਸਤੌਲ, ਬੈਂਕ ਪਾਸਬੁੱਕ, ਮੋਬਾਈਲ ਫ਼ੋਨ ਤੇ ਸਿਮ ਕਾਰਡ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਹੁਣ ਉਸ ਨੂੰ 10 ਸਾਲ ਦੀ ਕੈਦ ਤੇ 50,152 ਰੁਪਏ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਇਸ ਘਟਨਾ ਦੀ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਗੁੱਸੇ ਦੀ ਲਹਿਰ ਦੌੜ ਗਈ। ਉਪਭੋਗਤਾਵਾਂ ਨੇ ਪਾਰਟੀ ਵਿੱਚ ਮੌਜੂਦ ਲੋਕਾਂ ਦੀ ਉਦਾਸੀਨਤਾ ਤੇ ਅਜਿਹੀ ਖਤਰਨਾਕ ਚੁਣੌਤੀ ਨੂੰ ਅੱਗੇ ਵਧਾਉਣ ਵਾਲਿਆਂ ਦੀ ਆਲੋਚਨਾ ਕੀਤੀ।
ਇਸ ਦੁਖਦਾਈ ਘਟਨਾ ਤੋਂ ਬਾਅਦ ਕਾਂਥੀ ਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸਨੇ ਲਿਖਿਆ ਸੀ ਕਿ ਮੈਂ ਅਮੀਰ ਲੋਕਾਂ ਤੋਂ ਕੁਝ ਰੁਪਏ ਕਮਾਉਣ ਲਈ, ਆਪਣੀ ਇੱਜ਼ਤ ਅਤੇ ਜਾਨ ਦਾ ਸਭ ਕੁਝ ਜੋਖਮ ਵਿੱਚ ਪਾਉਣ ਲਈ ਤਿਆਰ ਹਾਂ, ਤਾਂ ਜੋ ਮੈਂ ਆਪਣੇ ਪਰਿਵਾਰ ਦਾ ਪੇਟ ਪਾਲ ਸਕਾਂ।