Teacher enjoyed 20 years of vacation in her 24 Year teaching career: ਹਰ ਬੱਚੇ ਲਈ ਸਕੂਲ ਅਜਿਹਾ ਸਥਾਨ ਹੁੰਦਾ ਹੈ ਜਿੱਥੋ ਉਹ ਗਿਆਨ ਪ੍ਰਾਪਤ ਕਰਦਾ ਹੈ। ਵਿਦਿਆਰਥੀ ਆਪਣੇ ਅਧਿਆਪਕਾਂ ਤੋਂ ਜੀਵਨ ਦੇ ਸਬਕ ਸਿੱਖਦੇ ਹਨ, ਜੋ ਕਿ ਉਨ੍ਹਾਂ ਲਈ ਹਮੇਸ਼ਾ ਲਾਭਦਾਇਕ ਹੁੰਦਾ ਹੈ। ਪਰ ਸੋਚੋ ਕਿ ਜਿਹੜਾ ਟੀਚਰ ਸਬਕ ਸਿਖਾਉਂਦਾ ਹੈ, ਉਹ ਸਿਰਫ਼ ਨਾਮ ਦਾ ਹੀ ਅਧਿਆਪਕ ਹੋਵੇ, ਜੇ ਉਹ ਕਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਨਾ ਆਵੇ? ਬੇਸ਼ੱਕ ਅਜਿਹੇ ਅਧਿਆਪਕਾਂ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਦੇ ਹਨ। ਪਰ ਇੱਕ ਇਟਾਲੀਅਨ ਅਧਿਆਪਿਕਾ 24 ਸਾਲਾਂ ਤੱਕ ਵਿਦਿਆਰਥੀਆਂ ਦੀ ਜ਼ਿੰਦਗੀ ਬਰਬਾਦ ਕਰਦੀ ਰਹੀ ਹੈ ਤੇ ਉਸ ਨੂੰ ਹਟਾਉਣ ਵਾਲਾ ਕੋਈ ਨਹੀਂ ਸੀ। ਪਰ ਹੁਣ ਜਦੋਂ ਉਸਦੀ ਚੋਰੀ ਫੜੀ ਗਈ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਔਰਤ ਨੂੰ 'ਇਟਲੀ ਦੀ ਸਭ ਤੋਂ ਮਾੜੀ ਮੁਲਾਜ਼ਮ' ਮੰਨਿਆ ਜਾ ਰਿਹਾ ਹੈ।


24 ਸਾਲਾਂ ਦੇ ਟੀਚਿੰਗ ਕਰੀਅਰ ਵਿੱਚ ਸਿਰਫ 4 ਸਾਲ ਬੱਚਿਆਂ ਨੂੰ ਪੜ੍ਹਾਇਆ


ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ 56 ਸਾਲਾ ਸਿੰਜ਼ਿਓ ਪਾਓਲੀਨਾ ਡੀ ਲਿਓ ਇਟਲੀ ਦੇ ਵੇਨਿਸ ਨੇੜੇ ਇਕ ਸਕੂਲ ਵਿਚ ਪਿਛਲੇ 24 ਸਾਲਾਂ ਤੋਂ ਅਧਿਆਪਿਕਾ ਸੀ। ਇੰਨੇ ਸਾਲ ਪੜ੍ਹਾਉਣ ਤੋਂ ਬਾਅਦ, ਬਿਨਾਂ ਸ਼ੱਕ ਵਿਦਿਆਰਥੀ ਉਸ ਦੇ ਪ੍ਰਸ਼ੰਸਕ ਬਣ ਗਏ ਹੋਣਗੇ ਅਤੇ ਉਸ ਦੀਆਂ ਕਲਾਸਾਂ ਵਿਚ ਬਹੁਤ ਦਿਲਚਸਪੀ ਲੈਣਗੇ। ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਉਹ ਇਸ ਲਈ ਕਿਉਂਕਿ ਡੀ ਲੀਓ ਨੇ ਆਪਣੇ 24 ਸਾਲਾਂ ਦੇ ਟੀਚਿੰਗ ਕਰੀਅਰ ਵਿੱਚ ਸਿਰਫ 4 ਸਾਲ ਬੱਚਿਆਂ ਨੂੰ ਪੜ੍ਹਾਇਆ ਅਤੇ ਬਾਕੀ 20 ਸਾਲ ਛੁੱਟੀ 'ਤੇ ਹੀ ਹੈ। ਇਸ ਤੋਂ ਇਲਾਵਾ ਇਹ ਇਟਾਲੀਅਨ ਅਧਿਆਪਿਕਾ ਸਕੂਲ ਤੋਂ ਮੋਟੀ ਤਨਖਾਹ ਵੀ ਲੈਂਦੀ ਰਹੀ ਹੈ। ਅਧਿਆਪਿਕਾ ਦੀ ਅਜਿਹੀ ਲਾਪਰਵਾਹੀ ਅਤੇ ਲੰਬੇ ਸਮੇਂ ਤੋਂ ਛੁੱਟੀ 'ਤੇ ਰਹਿਣ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


20 ਸਾਲ ਛੁੱਟੀ 'ਤੇ


ਉਹ ਬਿਮਾਰੀ ਦੇ ਬਹਾਨੇ ਜਾਂ ਕਾਨਫਰੰਸਾਂ ਵਿਚ ਜਾਣ ਲਈ ਛੁੱਟੀ ਲੈ ਕੇ ਲੰਬੇ ਸਮੇਂ ਲਈ ਸਕੂਲ ਤੋਂ ਦੂਰ ਰਹਿੰਦੀ ਸੀ। ਉਸ ਨੂੰ ਸਕੂਲ ਵਿਚ ਸਾਹਿਤ ਅਤੇ ਦਰਸ਼ਨ ਦੀ ਪੜ੍ਹਾਈ ਲਈ ਨਿਯੁਕਤ ਕੀਤਾ ਗਿਆ ਸੀ, ਪਰ ਉਸ ਨੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕੋਈ ਖਾਸ ਦਿਲਚਸਪੀ ਨਹੀਂ ਲਈ। ਵਿਦਿਆਰਥੀਆਂ ਨੇ ਉਸ 'ਤੇ ਦੋਸ਼ ਲਗਾਏ ਨੇ ਕਿ ਉਹ ਜ਼ੁਬਾਨੀ ਪ੍ਰੀਖਿਆ ਦੌਰਾਨ ਮੋਬਾਈਲ 'ਤੇ ਟੈਕਸਟ ਕਰਦੀ ਸੀ, ਪਾਠ ਪੁਸਤਕ ਦੀ ਕੋਈ ਕਾਪੀ ਨਹੀਂ ਸੀ ਅਤੇ ਬੱਚਿਆਂ ਨੂੰ ਬੇਬੁਨਿਆਦ ਢੰਗ ਨਾਲ ਅੰਕ ਦਿੱਤੇ ਜਾਂਦੇ ਸਨ।


4 ਸਾਲਾਂ ਦੌਰਾਨ ਜਦੋਂ ਵੀ ਉਸਨੇ ਕਲਾਸਾਂ ਲਈਆਂ ਤਾਂ ਵਿਦਿਆਰਥੀਆਂ ਨੇ ਉਸਦੇ ਲੈਕਚਰਾਂ ਦਾ ਬਾਈਕਾਟ ਕੀਤਾ। ਇਟਾਲੀਅਨ ਨਿਊਜ਼ ਆਊਟਲੈੱਟਸ ਦੀਆਂ ਰਿਪੋਰਟਾਂ ਮੁਤਾਬਕ ਉਸ ਨੂੰ 22 ਜੂਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਹ ਮਾਮਲਾ ਇਟਲੀ ਦੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਅਦਾਲਤ ਨੇ ਕਿਹਾ ਕਿ ਉਹ ਨੌਕਰੀ ਲਈ "ਸਥਾਈ ਅਤੇ ਪੂਰੀ ਤਰ੍ਹਾਂ ਅਯੋਗ" ਸੀ। ਹਾਲਾਂਕਿ, ਡੀ ਲਿਓ ਨੇ ਦਾਅਵਾ ਕੀਤਾ ਕਿ ਉਸ ਕੋਲ 3 ਡਿਗਰੀਆਂ ਸਨ। ਜਦੋਂ ਅਦਾਲਤ ਨੂੰ ਪਤਾ ਲੱਗਾ ਕਿ ਉਸ ਨੇ 20 ਸਾਲ ਛੁੱਟੀਆਂ ਵਿਚ ਬਿਤਾਏ ਹਨ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ।