ਨਵੀਂ ਦਿੱਲੀ: ਰੇਲ ਦੇ ਸਫਰ ਦੌਰਾਨ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਪਖ਼ਾਨਿਆਂ ਵਿੱਚ ਜਾ ਕੇ ਤੰਬਾਕੂਨੋਸ਼ੀ ਕਰਦੇ ਹਨ। ਪਰ ਅਜਿਹੇ ਮਾਮਲੇ ਹੁਣ ਜਹਾਜ਼ ਵਿੱਚ ਵੀ ਹੋਣ ਲੱਗੇ ਹਨ। ਬੀਤੇ ਦਿਨੀਂ ਜਹਾਜ਼ ਦੇ ਪਖ਼ਾਨੇ ਵਿੱਚ ਵੜ ਕੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵੀਰਵਾਰ ਨੂੰ ਗੋਆ ਤੋਂ ਦਿੱਲੀ ਆ ਰਹੀ ਇੰਡੀਗੋ ਏਅਰਲਾਈਨਜ਼ ਦੀ ਉਡਾਣ (6E637) ਵਿੱਚ ਬੈਠੇ ਨਰਿੰਦਰ ਸਿੰਘ ਨਾਂਅ ਦੇ ਵਿਅਕਤੀ ਨੇ ਜਹਾਜ਼ ਦੇ ਪਖ਼ਾਨੇ ਵਿੱਚ ਦਾਖ਼ਲ ਹੋ ਸਿਗਰਟ ਸੁਲਗਾ ਲਈ। ਜਹਾਜ਼ ਦੇ ਅਮਲੇ ਨੂੰ ਤੁਰੰਤ ਇਸ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਇਸ ਦੀ ਸੂਚਨਾ ਪਾਇਲਟ ਨੂੰ ਦੇ ਦਿੱਤੀ। ਸਿਗਰਟ ਪੀਣ ਵਾਲੇ ਵਿਅਕਤੀ ਨੇ ਜਹਾਜ਼ ਦੇ ਅਮਲੇ ਨੂੰ ਮਾਮਲਾ ਦਬਾਉਣ ਲਈ ਰਿਸ਼ਵਤ ਦੀ ਪੇਸ਼ਕਸ਼ ਵੀ ਕੀਤੀ।

ਸ਼ਾਮ ਨੂੰ ਤਕਰੀਬਨ ਛੇ ਵਜੇ ਦਿੱਲੀ ਵਿੱਚ ਉੱਤਰਨ ਮਗਰੋਂ ਹਵਾਈ ਅੱਡੇ 'ਤੇ ਸੀਆਈਐਸਐਫ ਮੁਲਾਜ਼ਮਾਂ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਉਪਰੰਤ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਹੋ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।