ਤੇਲੰਗਾਨਾ: ਤੇਲੰਗਾਨਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥ ਇੱਕ ਸ਼ਰਾਬੀ ਪਤੀ ਨੇ ਪੁਲਿਸ ਨੂੰ ਇਸ ਲਈ ਵਾਰ-ਵਾਰ ਫੋਨ ਕੀਤਾ ਕਿਉਂਕਿ ਉਸ ਦੀ ਪਤਨੀ ਨੇ ਉਸ ਦਾ ਪਸੰਦੀਦਾ ਮਟਨ ਬਣਾਉਣ ਤੋਂ ਇਨਕਾਰ ਕਰ ਦਿੱਤਾ। ਸ਼ਖਸ ਗੁੱਸੇ 'ਚ ਵਾਰ-ਵਾਰ ਪੁਲਿਸ ਹੈਲਪ ਲਾਇਨ ਨੰਬਰ 'ਤੇ ਕਾਲ ਕਰਦਾ ਰਿਹਾ ਜਿਸ ਮਗਰੋਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
20 ਸਾਲਾ ਇੱਕ ਵਿਅਕਤੀ, ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਸੀ, ਜਦੋਂ ਉਸ ਨੇ ਆਪਣੀ ਪਤਨੀ ਦੇ ਖਿਲਾਫ ਮਟਨ ਨਾ ਪਕਾਉਣ ਲਈ ਸ਼ਿਕਾਇਤ ਕਰਨ ਲਈ ਵਾਰ-ਵਾਰ ਫ਼ੋਨ 'ਤੇ ਪੁਲਿਸ ਨੂੰ ਕਾਲ ਕੀਤੀ।ਪੁਲਿਸ ਦੇ ਅਨੁਸਾਰ, ਵਿਅਕਤੀ ਨੇ ਸ਼ੁੱਕਰਵਾਰ ਰਾਤ ਨੂੰ 100 ਨੰਬਰ 'ਤੇ ਪੰਜ ਵਾਰ ਡਾਇਲ ਕੀਤਾ। ਪੁਲਿਸ ਨੇ ਪਰੇਸ਼ਾਨੀ ਦਾ ਮਾਮਲਾ ਦਰਜ ਕਰ ਫੋਨ ਕਰਨ ਵਾਲੇ ਨੂੰ ਸ਼ਨੀਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬਾਅਦ ਵਿੱਚ ਚੇਤਾਵਨੀ ਦੇ ਕੇ ਛੱਡ ਦਿੱਤਾ।
ਨਵੀਨ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਉਸ ਦੀ ਪਤਨੀ ਨੇ ਸ਼ੁੱਕਰਵਾਰ 18 ਮਾਰਚ ਦੀ ਰਾਤ ਨੂੰ ਮਟਨ ਕਰੀ ਨਹੀਂ ਪਕਾਈ। ਕਿਸੇ ਤਕਰਾਰ ਤੋਂ ਬਾਅਦ ਉਸ ਨੇ 100 ਨੰਬਰ ਡਾਇਲ ਕਰਕੇ ਪੁਲਿਸ ਨੂੰ ਫੋਨ ਕੀਤਾ। ਸ਼ੁਰੂ ਵਿੱਚ, ਜਦੋਂ ਨਵੀਨ ਨੇ ਪੁਲਿਸ ਕੰਟਰੋਲ ਰੂਮ ਦਾ ਨੰਬਰ ਡਾਇਲ ਕੀਤਾ ਤੇ ਘਟਨਾ ਦਾ ਵਰਣਨ ਕੀਤਾ ਅਤੇ ਆਪਣੀ ਪਤਨੀ ਦੇ ਖਿਲਾਫ 'ਸ਼ਿਕਾਇਤ' ਕੀਤੀ, ਤਾਂ ਸੰਚਾਲਕ ਨੇ ਇਸਨੂੰ ਇੱਕ ਸ਼ਰਾਬੀ ਦੀ ਕਾਲ ਮੰਨਿਆ।
ਹਾਲਾਂਕਿ, ਲਗਾਤਾਰ ਛੇ ਕਾਲਾਂ ਤੋਂ ਬਾਅਦ, ਡਿਊਟੀ 'ਤੇ ਮੌਜੂਦ ਪੁਲਿਸ ਕਰਮਚਾਰੀ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੁਚੇਤ ਕੀਤਾ। ਇੱਕ ਗਸ਼ਤ ਵਾਲੀ ਕਾਰ ਨਵੀਨ ਦੇ ਘਰ ਭੇਜੀ ਗਈ, ਪਰ ਉਹ ਨਸ਼ੇ ਦੀ ਹਾਲਤ ਵਿੱਚ ਸੀ। ਇਸ ਲਈ ਪੁਲਿਸ ਵਾਲਿਆਂ ਨੇ ਉਸ ਨੂੰ ਸੌਣ ਲਈ ਘਰ ਛੱਡ ਦਿੱਤਾ।
ਸ਼ਨੀਵਾਰ ਸਵੇਰੇ, ਪੁਲਿਸ ਨੇ ਕਾਨਾਗਲ ਮੰਡਲ ਦੇ ਚੇਰਲਾ ਗੋਰਾਰਾਮ ਪਿੰਡ ਵਿੱਚ ਦੁਬਾਰਾ ਉਸਦਾ ਦਰਵਾਜ਼ਾ ਖੜਕਾਇਆ ਤੇ ਨਵੀਨ ਨੂੰ ਹਿਰਾਸਤ ਵਿੱਚ ਲੈ ਲਿਆ।ਨਵੀਨ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 290 (ਜਨਤਕ ਪਰੇਸ਼ਾਨੀ ਲਈ ਸਜ਼ਾ) ਤੇ 510 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।