UP Elections Results: 2022 ਦੀਆਂ ਉੱਤਰ ਪ੍ਰਦੇਸ਼ ਚੋਣਾਂ ਵਿੱਚ ਭਾਜਪਾ ਨੇ ਇੱਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਮੈਨਪੁਰੀ ਜ਼ਿਲ੍ਹੇ ਦੇ ਕਰਹਾਲ ਸ਼ਹਿਰ ਖੇਤਰ ਵਿੱਚ ਇੱਕ 32 ਸਾਲਾ ਵਿਅਕਤੀ ਨੇ ਹਾਈ ਸਕੂਲ ਤੇ ਇੰਟਰਮੀਡੀਏਟ ਦੇ ਆਪਣੇ ਵਿਦਿਅਕ ਸਰਟੀਫਿਕੇਟਾਂ ਨੂੰ ਸਾੜ ਦਿੱਤਾ। ਦਰਅਸਲ, ਵਿਅਕਤੀ ਨੇ ਪਹਿਲਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਸ ਨੂੰ ਨੌਕਰੀ ਮਿਲਣ ਦੀ ਉਮੀਦ ਨਹੀਂ।



ਕੰਪਿਊਟਰ ਸੈਂਟਰ ਚਲਾਉਣ ਵਾਲੇ ਸ਼ੀਲਰਤਨ ਬੋਧ ਨੇ ਕਿਹਾ ਕਿ ਮੈਨੂੰ ਉਮੀਦ ਸੀ ਕਿ ਅਖਿਲੇਸ਼ ਯਾਦਵ ਦੀ ਸਰਕਾਰ ਬਣੇਗੀ ਅਤੇ ਮੈਨੂੰ ਨੌਕਰੀ ਮਿਲੇਗੀ ਪਰ ਭਾਜਪਾ ਮੁੜ ਸੱਤਾ ਵਿੱਚ ਆ ਗਈ।ਉਸਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਬੁੱਢੇ ਹੋ ਜਾਣਗੇ ਤੇ ਸਰਕਾਰੀ ਨੌਕਰੀਆਂ ਲਈ ਅਯੋਗ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਚੋਣ ਨਤੀਜਿਆਂ ਤੋਂ ਪਰੇਸ਼ਾਨ ਸੀ ਤੇ ਨਿਰਾਸ਼ਾ ਦੇ ਆਲਮ ਵਿੱਚ ਮੈਂ ਆਪਣੇ ਵਿਦਿਅਕ ਸਰਟੀਫਿਕੇਟਾਂ ਨੂੰ ਸਾੜ ਦਿੱਤਾ ਹੈ।

ਪੈਰਾਂ ਨਾਲ ਹੋ ਗਿਆ ਸੀ ਹਾਦਸਾ
ਪਿਛਲੇ ਕੁਝ ਸਾਲਾਂ ਤੋਂ ਬੋਧ ਕਰਹਾਲ ਬਲਾਕ ਦਫ਼ਤਰ ਦੇ ਸਾਹਮਣੇ ਸਥਿਤ ਆਪਣੇ ਕੰਪਿਊਟਰ ਸੈਂਟਰ ਵਿੱਚ ਨੌਕਰੀ ਅਤੇ ਦਾਖ਼ਲੇ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਸੇਵਾ ਕਰ ਰਿਹਾ ਹੈ। ਉਹ ਸਟੇਸ਼ਨਰੀ ਵੀ ਵੇਚਦਾ ਹੈ। ਉਸ ਨੇ ਦੱਸਿਆ ਕਿ 2011 ਵਿੱਚ ਇੱਕ ਸੜਕ ਹਾਦਸੇ ਵਿੱਚ ਮੇਰੀਆਂ ਦੋਵੇਂ ਲੱਤਾਂ ਖਰਾਬ ਹੋ ਗਈਆਂ ਸਨ। ਮੈਨੂੰ ਠੀਕ ਹੋਣ ਵਿੱਚ ਚਾਰ ਸਾਲ ਤੋਂ ਵੱਧ ਦਾ ਸਮਾਂ ਲੱਗਾ। ਨਹੀਂ ਤਾਂ ਮੈਂ 2012-2017 ਤੱਕ ਅਖਿਲੇਸ਼ ਯਾਦਵ ਦੀ ਸਰਕਾਰ ਦੌਰਾਨ ਸਰਕਾਰੀ ਨੌਕਰੀ ਹਾਸਲ ਕਰ ਲੈਂਦਾ।

ਉਸ ਨੂੰ ਆਪਣੇ 26 ਸਾਲਾ ਗ੍ਰੈਜੂਏਟ ਭਰਾ ਦੀ ਵੀ ਚਿੰਤਾ ਹੈ, ਜੋ ਸਰਕਾਰੀ ਨੌਕਰੀ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਉਸਦੇ ਪਿਤਾ ਕਰਹਾਲ ਵਿੱਚ ਹੋਮਿਓਪੈਥੀ ਮੈਡੀਸਨ ਸੈਂਟਰ ਚਲਾਉਂਦੇ ਹਨ। ਦੋਵੇਂ ਭਰਾ ਅਣਵਿਆਹੇ ਹਨ। ਇਹ ਪੁੱਛੇ ਜਾਣ 'ਤੇ ਕਿ ਸਮਾਜਵਾਦੀ ਪਾਰਟੀ ਰਾਜ ਵਿਚ ਸਰਕਾਰ ਬਣਾਉਣ ਵਿਚ ਕਿਉਂ ਅਸਫਲ ਰਹੀ, ਬੋਧ ਨੇ ਕਿਹਾ, "ਮੈਂ ਸਹੀ ਕਾਰਨ ਨਹੀਂ ਦੱਸ ਸਕਦਾ ਪਰ ਮੈਨੂੰ ਲਗਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਪਾਰਟੀ ਨੂੰ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ।"

ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਨੂੰ ਚੋਣ ਮੋਡ 'ਚ ਰਹਿਣ ਦੀ ਲੋੜ ਹੈ। ਉਸਨੂੰ ਉਮੀਦ ਹੈ ਕਿ 2027 ਵਿੱਚ ਸਪਾ ਸੱਤਾ ਵਿੱਚ ਆਵੇਗੀ, ਤਾਂ ਜੋ ਉਸਦੇ ਛੋਟੇ ਭਰਾ ਅਤੇ ਉਸਦੇ ਵਰਗੇ ਹੋਰਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ।


ਇਹ ਵੀ ਪੜ੍ਹੋ: ਭੁੱਲ ਕੇ ਵੀ ਨਾ ਖਾਓ ਸ਼ਰਾਬ ਨਾਲ ਇਹ ਚੀਜ਼ਾ, ਸਰੀਰ ਅੰਦਰ ਜਾ ਬਣ ਜਾਂਦੀਆਂ ਜ਼ਹਿਰ