ਬਹਾਦਰੀ ਦੀ ਜਿੱਤ! ਬੰਦੇ ਨੇ ਸ਼ੇਰ ਨੂੰ ਗਲ ਘੁੱਟ ਕੇ ਮਾਰਿਆ
ਏਬੀਪੀ ਸਾਂਝਾ | 06 Feb 2019 04:27 PM (IST)
ਫਾਈਲ ਤਸਵੀਰ
ਵਾਸ਼ਿੰਗਟਨ: ਅਮਰੀਕਾ ਵਿੱਚ ਵਿਅਕਤੀ ਨੇ ਆਪਣੇ 'ਤੇ ਹਮਲਾ ਕਰਨ ਵਾਲੇ ਸ਼ੇਰ ਨੂੰ ਮਾਰ ਮੁਕਾਇਆ। ਹਾਲਾਂਕਿ, ਇਸ ਦੌਰਾਨ ਵਿਅਕਤੀ ਦੇ ਵੀ ਕਾਫੀ ਸੱਟਾਂ ਵੱਜੀਆਂ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਸ਼ੇਰ ਨਾਲ ਮੱਥਾ ਲਾਉਣ ਵਾਲੇ ਵਿਅਕਤੀ ਦਾ ਨਾਂ ਨਹੀਂ ਜਾਰੀ ਕੀਤਾ ਗਿਆ। ਕੋਲੋਰਾਡੋ ਪਾਰਕਸ ਦੇ ਜੰਗਲਾਤ ਵਿਭਾਗ ਦੇ ਬੁਲਾਰੇ ਰੇਬੇਕਾ ਫੈਰੇਲ ਨੇ ਦੱਸਿਆ ਕਿ ਵਿਅਕਤੀ ਫੋਰਟ ਕੌਲਿੰਸ ਨੇੜੇ ਕਸਰਤ ਕਰਨ ਲਈ ਇਕੱਲਾ ਤੇ ਨਿਹੱਥਾ ਭੱਜ ਰਿਹਾ ਸੀ। ਉਸ 'ਤੇ ਪਹਾੜੀ ਸ਼ੇਰ ਨੇ ਹਮਲਾ ਕਰ ਦਿੱਤਾ। ਵਿਅਕਤੀ ਨੇ ਸ਼ੇਰ ਦਾ ਬਹਾਦੁਰੀ ਨਾਲ ਸਾਹਮਣਾ ਕੀਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਹਾੜੀ ਸ਼ੇਰ ਤੋਂ ਛੁੱਟ ਕੇ ਉਹ ਆਪਣੀ ਕਾਰ ਚਲਾ ਕੇ ਖ਼ੁਦ ਹਸਪਤਾਲ ਪਹੁੰਚਿਆ। ਵਿਅਕਤੀ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੇ ਆਪਣੀ ਪੂਰੀ ਜਾਨ ਲਾ ਕੇ ਸ਼ੇਰ ਨੂੰ ਗਲ਼ ਤੋਂ ਦਬੋਚਿਆ ਸੀ, ਜਿਸ ਦੌਰਾਨ ਉਸ ਦਾ ਸਾਹ ਘੁੱਟ ਗਿਆ। ਹੁਣ ਪੋਸਟਮਾਰਟਮ ਰਿਪੋਰਟ ਵਿੱਚ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ। ਪਹਾੜੀ ਸ਼ੇਰ ਇਕਾਂਤ 'ਚ ਰਹਿਣਾ ਪਸੰਦ ਕਰਦਾ ਹੈ। ਇਸ ਲਈ ਮਨੁੱਖ ਨਾਲ ਟਾਕਰੇ ਦੇ ਮਾਮਲੇ ਘੱਟ ਹੀ ਸਾਹਮਣੇ ਆਉਂਦੇ ਹਨ। ਜੰਗਲਾਤ ਵਿਭਾਗ ਮੁਤਾਬਕ ਪਹਾੜੀ ਸ਼ੇਰ ਨਾਲ ਟਾਕਰਾ ਹੋਣ 'ਤੇ ਜ਼ੋਰ-ਜ਼ੋਰ ਨਾਲ ਰੌਲਾ ਪਾਓ ਤੇ ਭੱਜੋ ਨਾ। ਜੇਕਰ ਸ਼ੇਰ ਹਮਲਾ ਕਰਦਾ ਹੈ ਤਾਂ ਬਹਾਦੁਰੀ ਨਾਲ ਟਾਕਰਾ ਕਰੋ।