ਨਵੀਂ ਦਿੱਲੀ: ਦੱਖਣ ਮੁੰਬਈ ਦੇ ਵਰਲੀ ਵਿੱਚ ਅੱਜ ਸਵੇਰੇ 30 ਸਾਲਾਂ ਦੇ ਇੱਕ ਆਦਮੀ ਨੇ ਦੂਰਦਰਸ਼ਨ ਦੇ ਟਾਵਰ ’ਤੇ ਚੜ੍ਹ ਕੇ ਪੁਲਿਸ ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਭਾਜੜ ਪਾ ਦਿੱਤੀ। ਟਾਵਰ ’ਤੇ ਚੜ੍ਹੇ ਵਿਅਕਤੀ ਨੇ ਆਪਣੀ ਸਮੱਸਿਆ ਦੱਸਣ ਲਈ ਟੀਵੀ ਰਿਪੋਰਟਰਾਂ ਨੂੰ ਬੁਲਾਉਣ ਦੀ ਮੰਗ ਰੱਖੀ ਸੀ। ਕੁਝ ਘੰਟਿਆਂ ਬਾਅਦ ਅਧਿਕਾਰੀਆਂ ਨੇ ਨਕਲੀ ਵੀਡੀਓ ਕੈਮਰਾ ਲਾ ਕੇ ਉਸ ਨੂੰ ਦਿਖਾਇਆ ਕਿ ਉਸ ਦੀ ਮੰਗ ਦੇ ਤਹਿਤ ਮੀਡੀਆ ਆ ਚੁੱਕਿਆ ਹੈ ਜਿਸ ਦੇ ਬਾਅਦ ਉਹ ਟਾਵਰ ਤੋਂ ਹੇਠਾਂ ਉੱਤਰਿਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਠਾਣੇ ਦਾ ਰਹਿਣ ਵਾਲਾ ਅਜੈ ਪਾਸਵਾਨ (30) ਨੇ ਅੱਧੀ ਰਾਤ ਬਾਅਦ ਦੂਰਦਰਸ਼ਨ ਦੇ ਟਾਵਰ ’ਤੇ ਚੜ੍ਹ ਗਿਆ। ਉਸ ਨੇ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਖ਼ੁਦ ਫੋਨ ਕੀਤਾ ਤੇ ਉੱਥੇ ਬੁਲਾਇਆ। ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਉਸ ਦੀ ਨੌਕਰੀ ਚਲੀ ਗਈ ਸੀ। ਉਹ ਆਪਣੇ ਸਮੱਸਿਆ ਮੀਡੀਆ ਸਾਹਮਣੇ ਰੱਖਣਾ ਚਾਹੁੰਦਾ ਸੀ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਉਸ ਨੇ ਟੀਵੀ ਚੈਨਲਾਂ ਦੇ ਰਿਪੋਰਟਰਾਂ ਨੂੰ ਬੁਲਾਉਣ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਉਨ੍ਹਾਂ ਡਮੀ ਵੀਡੀਓ ਕੈਮਰੇ ਲਾਏ ਤੇ ਉਸ ਨੂੰ ਦੱਸਿਆ ਕਿ ਮੀਡੀਆ ਆ ਗਿਆ ਹੈ। ਕੁਝ ਪੁਲਿਸ ਜਵਾਨਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਮੀਡੀਆ ਰਿਪੋਰਟਰ ਹਨ। ਪੁਲਿਸ ਦੀ ਇਹ ਤਰਕੀਬ ਕੰਮ ਆਈ ਤੇ ਟਾਵਰ ਉੱਤੇ ਚੜ੍ਹਿਆ ਸ਼ਖ਼ਸ ਹੇਠਾਂ ਉੱਤਰ ਆਇਆ।