ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਸਮੇਂ ਸਿਰ ਉਸਦੀ ਤਨਖਾਹ ਦੇ ਵਿੱਚ ਵਾਧਾ ਹੋਏ, ਇਸ ਲਈ ਹਰ ਕੋਈ ਅਪ੍ਰੇਜ਼ਲ ਜਾਂ ਇਨਕਰੀਮੈਂਟ ਜਾਂ ਕਿਸੇ ਚੰਗੀ ਨੌਕਰੀ ਦੇ ਆਫਰ ਦੀ ਉਡੀਕ ਕਰਦਾ ਹੈ। ਪਰ ਇੱਕ ਸ਼ਖਸ਼ ਜਿਸ ਨੇ ₹75 ਲੱਖ ਸਾਲਾਨਾ ਦੀ ਨੌਕਰੀ ਦਾ ਆਫਰ ਨੂੰ ਠੁਕਰਾ ਦਿੱਤਾ, ਜੀ ਹਾਂ ਤੁਸੀਂ ਸਹੀ ਪੜ੍ਹਿਆ ਹੈ, ਉਸ ਨੇ ਇੱਕ ਖਾਸ ਵਜ੍ਹਾ ਕਰਕੇ ਇਸ ਨੌਕਰੀ ਨੂੰ ਠੋਕਰ ਮਾਰੀ ਹੈ। ਆਓ ਜਾਣਦੇ ਹਾਂ....

₹75 ਲੱਖ ਸਾਲਾਨਾ ਦੀ ਨੌਕਰੀ ਦਾ ਆਫਰ ਠੁਕਰਾ ਦਿੱਤਾ

ਬੈਂਗਲੁਰੂ ਦੀ ਇੱਕ ਟੈਕ ਕੰਪਨੀ ਵਿੱਚ ₹48 ਲੱਖ ਸਾਲਾਨਾ ਕਮਾਉਣ ਵਾਲੇ ਇੱਕ ਵਿਅਕਤੀ ਨੇ ₹75 ਲੱਖ ਸਾਲਾਨਾ ਦੀ ਨੌਕਰੀ ਦਾ ਆਫਰ ਠੁਕਰਾ ਦਿੱਤਾ। ਇਸ ਦੇ ਪਿੱਛੇ ਕਾਰਨ ਉਸ ਨੇ ਵਧੀ ਹੋਈ ਤਨਖਾਹ 'ਤੇ ਲੱਗਣ ਵਾਲੇ ਦੋਗੁਣੇ ਟੈਕਸ ਦਾ ਬੋਝ ਦੱਸਿਆ। ਟੈਕਸ ਦੇ ਇਸ ਤਣਾਅ ਕਾਰਨ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ।

ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਇਹ ਜਾਣਕਾਰੀ ਦਿੰਦਿਆਂ ਉਸ ਨੇ ਕਿਹਾ ਕਿ ਭਾਵੇਂ ਉਸ ਦੀ ਤਨਖਾਹ 50% ਵਧ ਜਾਵੇ, ਪਰ ਟੈਕਸ ₹12 ਲੱਖ ਤੋਂ ਵੱਧ ਕੇ ₹22 ਲੱਖ ਹੋ ਜਾਵੇਗਾ। ਅਜਿਹੇ ਵਿੱਚ ਜਦੋਂ ਸਰਕਾਰ ਵੱਲੋਂ ਕੋਈ ਵਾਧੂ ਫਾਇਦਾ ਨਹੀਂ ਮਿਲਦਾ, ਤਾਂ ਫਿਰ ਦੋਗੁਣਾ ਟੈਕਸ ਕਿਉਂ ਦਿੱਤਾ ਜਾਵੇ?

ਨਵਾਂ ਟੈਕਸ ਸਿਸਟਮ ਕੀ ਹੈ

1 ਅਪ੍ਰੈਲ 2025 ਤੋਂ ਭਾਰਤ ਵਿੱਚ ਲਾਗੂ ਹੋ ਰਹੇ ਨਵੇਂ ਟੈਕਸ ਰੀਜੀਮ ਅਨੁਸਾਰ ਹੁਣ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਸਰਕਾਰ ਨੇ ਨੌਕਰੀਪੇਸ਼ਾ ਲੋਕਾਂ ਨੂੰ ਰਾਹਤ ਦਿੰਦਿਆਂ ₹75 ਹਜ਼ਾਰ ਦਾ ਸਟੈਂਡਰਡ ਡੀਡਕਸ਼ਨ ਵੀ ਦਿੱਤਾ ਹੈ, ਜਿਸ ਨਾਲ ਇਹ ਛੂਟ ₹12.75 ਲੱਖ ਤੱਕ ਹੋ ਜਾਵੇਗੀ। ਇਸਦਾ ਸਿੱਧਾ ਲਾਭ ਇਹ ਹੋਵੇਗਾ ਕਿ ਜਿਹੜੇ ਲੋਕ ₹12.75 ਲੱਖ ਜਾਂ ਇਸ ਤੋਂ ਘੱਟ ਕਮਾਈ ਕਰਦੇ ਹਨ, ਉਨ੍ਹਾਂ ਨੂੰ ਕੋਈ ਆਮਦਨ ਕਰ ਨਹੀਂ ਦੇਣਾ ਪਵੇਗਾ।

ਨਵੇਂ ਟੈਕਸ ਸਿਸਟਮ ਵਿੱਚ ਇੱਕ ਹੋਰ ਵੱਡੀ ਤਬਦੀਲੀ ਕੀਤੀ ਗਈ ਹੈ ਕਿ 20 ਲੱਖ ਤੋਂ 24 ਲੱਖ ਰੁਪਏ ਦੀ ਆਮਦਨ ਵਾਲਿਆਂ ਲਈ 25% ਟੈਕਸ ਦਾ ਨਵਾਂ ਸਲੈਬ ਲਾਗੂ ਕੀਤਾ ਗਿਆ ਹੈ। ਜਦਕਿ 24 ਲੱਖ ਤੋਂ ਵੱਧ ਆਮਦਨ ਵਾਲਿਆਂ 'ਤੇ 30% ਦੀ ਦਰ ਨਾਲ ਟੈਕਸ ਲੱਗੇਗਾ। ਇਹ ਨਵਾਂ ਰੀਜੀਮ ਟੈਕਸਪੇਅਰਾਂ ਨੂੰ ਵਧੇਰੇ ਪਾਰਦਰਸ਼ੀਤਾ ਅਤੇ ਵਾਧੂ ਰਾਹਤ ਦੇਣ ਦੀ ਕੋਸ਼ਿਸ਼ ਹੈ, ਪਰ ਉੱਚ ਆਮਦਨ ਵਾਲਿਆਂ ਲਈ ਇਹ ਹਜੇ ਵੀ ਵੱਡਾ ਬੋਝ ਬਣਿਆ ਹੋਇਆ ਹੈ।