Trending: ਛੋਟੀਆਂ-ਮੋਟੀਆਂ ਚੋਰੀਆਂ ਕਰਨ ਵਾਲੇ ਲੋਕਾਂ ਦੀ ਅਕਸਰ ਇਹੀ ਕਹਾਣੀ ਹੁੰਦੀ ਹੈ ਕਿ ਉਹ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੋ ਕੇ ਅਜਿਹੇ ਅਪਰਾਧ ਕਰਨ ਲੱਗ ਜਾਂਦੇ ਹਨ। ਹਾਲਾਂਕਿ, ਥਾਈਲੈਂਡ ਵਿੱਚ ਇੱਕ 60 ਸਾਲਾ ਵਿਅਕਤੀ ਵੱਲੋਂ ਚੋਰੀ ਕਰਨ ਪਿੱਛੇ ਇੱਕ ਵੱਖਰਾ ਕਾਰਨ ਹੈ। ਉਸਨੇ ਜਾਣਬੁੱਝ ਕੇ ਚੋਰੀ ਕੀਤੀ ਅਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ ਤਾਂ ਜੋ ਉਹ ਜੇਲ੍ਹ ਜਾ ਸਕੇ। ਵਿਅਕਤੀ ਨੂੰ ਜੇਲ੍ਹ ਜਾਣ ਦਾ ਸ਼ੌਕ ਨਹੀਂ ਹੁੰਦਾ, ਪਰ ਇਸ ਦੇ ਪਿੱਛੇ ਦੀ ਮਜਬੂਰੀ ਤੁਹਾਨੂੰ ਹੈਰਾਨ ਕਰ ਦੇਵੇਗੀ।
ਚਾਰੀ ਦੀ ਇਹ ਘਟਨਾ ਕੋਨਬਰੀ ਸੂਬੇ ਵਿੱਚ ਵਾਪਰੀ। ਜਦੋਂ ਚੋਰ ਫੜਿਆ ਗਿਆ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਜਾਣਬੁੱਝ ਕੇ ਇੱਕ ਦੁਕਾਨ 'ਚ ਚੋਰੀ ਕੀਤੀ ਸੀ, ਤਾਂ ਜੋ ਪੁਲਿਸ ਉਸ ਨੂੰ ਚੁੱਕ ਕੇ ਜੇਲ 'ਚ ਰੱਖ ਕੇ ਉਸ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰ ਲਵੇ। ਚੋਰ ਦੀ ਉਮਰ 60 ਸਾਲ ਹੈ ਅਤੇ ਉਸ ਨੇ ਮਾਮੂਲੀ ਚੋਰੀ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਕੋਈ ਵੀ ਉਸ ਨੂੰ ਜੇਲ੍ਹ ਨਹੀਂ ਭੇਜਣਾ ਚਾਹੁੰਦਾ ਸੀ, ਸਗੋਂ ਉਹ ਖ਼ੁਦ ਜੇਲ੍ਹ ਜਾਣ ਦੀ ਬੇਨਤੀ ਕਰ ਰਿਹਾ ਸੀ।
ਚੋਰੀ ਦੀ ਇਹ ਅਜੀਬ ਘਟਨਾ ਥਾਈਲੈਂਡ ਦੇ ਦੱਖਣੀ ਬੈਂਕਾਕ ਵਿੱਚ ਸਾਹਮਣੇ ਆਈ ਹੈ। 29 ਜੁਲਾਈ ਨੂੰ ਕੋਨਬੁਰੀ ਸੂਬੇ ਵਿੱਚ ਫਿਚਿਟ ਨਾਮ ਦੇ ਇੱਕ ਬਜ਼ੁਰਗ ਨੇ ਇੱਕ ਫਾਰਮੇਸੀ ਵਿੱਚ ਚੋਰੀ ਕੀਤੀ ਸੀ। ਉਸ ਨੇ ਫਾਰਮੇਸੀ ਤੋਂ 3 ਸਾਬਣ ਚੋਰੀ ਕੀਤੇ, ਜਿਨ੍ਹਾਂ ਦੀ ਕੀਮਤ ਬਹੁਤ ਘੱਟ ਸੀ। ਕਿਉਂਕਿ ਇਸ ਜਗ੍ਹਾ 'ਤੇ ਦੁਕਾਨ ਤੋਂ ਚੋਰੀ ਦੀ ਸਖ਼ਤ ਮਨਾਹੀ ਹੈ ਅਤੇ ਚੋਰੀ ਦੇ ਬਦਲੇ ਵਿਅਕਤੀ ਨੂੰ ਸਾਮਾਨ ਦੀ ਕੀਮਤ ਦਾ 30 ਗੁਣਾ ਭੁਗਤਾਨ ਕਰਨਾ ਪੈਂਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਅਤੇ ਬਜ਼ੁਰਗ ਨੂੰ ਜੇਲ੍ਹ ਨਾ ਜਾਣਾ ਪਵੇ, ਇਸ ਲਈ ਉੱਥੇ ਮੌਜੂਦ ਕੁਝ ਲੋਕਾਂ ਨੇ ਜੁਰਮਾਨਾ ਭਰਨ ਦੀ ਪੇਸ਼ਕਸ਼ ਵੀ ਕੀਤੀ। ਉਹ ਗੱਲ ਵੱਖਰੀ ਹੈ ਕਿ ਉਕਤ ਵਿਅਕਤੀ ਨੇ ਖੁਦ ਹੀ ਸਟਾਫ ਪੁਲਿਸ ਬੁਲਾਉਣ ਦੀ ਗੱਲ ਆਖੀ।
ਵਿਅਕਤੀ ਖੁਦ ਪੁਲਿਸ ਨੂੰ ਬੁਲਾਉਣ ਦੀ ਮੰਗ ਕਰ ਰਿਹਾ ਸੀ, ਇਸ ਲਈ ਦੁਕਾਨ ਦੇ ਕਰਮਚਾਰੀਆਂ ਨੇ ਪੁਲਿਸ ਨੂੰ ਬੁਲਾ ਲਿਆ। ਪੁੱਛਗਿੱਛ ਦੌਰਾਨ ਵਿਅਕਤੀ ਨੇ ਦੱਸਿਆ ਕਿ ਉਹ ਜੇਲ 'ਚ ਰਹਿਣਾ ਚਾਹੁੰਦਾ ਹੈ ਕਿਉਂਕਿ ਉੱਥੇ ਉਸ ਨੂੰ ਬਿਨਾਂ ਪੈਸੇ ਦੇ 3 ਵਕਤ ਦਾ ਖਾਣਾ ਮਿਲੇਗਾ ਅਤੇ ਉਹ ਲੋਕਾਂ ਨਾਲ ਗੱਲਬਾਤ ਕਰ ਸਕੇਗਾ। ਬਾਹਰ ਰਹਿੰਦੇ ਹੋਏ ਉਸ ਕੋਲ ਨਾ ਤਾਂ ਕੋਈ ਨੌਕਰੀ ਹੈ ਅਤੇ ਨਾ ਹੀ ਖਾਣ-ਪੀਣ ਦਾ ਕੋਈ ਪ੍ਰਬੰਧ ਹੈ। ਥਾਈਲੈਂਡ 'ਚ ਇਸ ਸਮੇਂ ਮਹਿੰਗਾਈ ਆਪਣੇ ਸਿਖਰ 'ਤੇ ਹੈ, ਅਜਿਹੇ 'ਚ ਲੋਕਾਂ ਲਈ ਆਮ ਚੀਜ਼ਾਂ ਇਕੱਠੀਆਂ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਉਂਝ, ਕੁਝ ਸਾਲ ਪਹਿਲਾਂ ਥਾਈਲੈਂਡ 'ਚ ਵੀ ਇੱਕ ਵਿਅਕਤੀ ਨੇ ਗ੍ਰਿਫਤਾਰ ਹੋਣ ਲਈ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।