‘ਪਟਿਆਲਾ ਰਿਆਸਤ’ ਦੀਆਂ ਤੋਪਾਂ ਟੁੱਟੀਆਂ
ਏਬੀਪੀ ਸਾਂਝਾ | 24 Jan 2018 09:09 AM (IST)
ਪਟਿਆਲਾ- ਸ਼ਾਹੀ ਸ਼ਹਿਰ ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿਹੜੇ ਵਿੱਚ ‘ਪਟਿਆਲਾ ਰਿਆਸਤ’ ਦੀਆਂ ਤੋਪਾਂ ਪਈਆਂ ਹਨ, ਪਰ ਉਨ੍ਹਾਂ ਦੀ ਹਾਲਤ ਬੜੀ ਮਾੜੀ ਹੈ। ਇਹ ਤੋਪਾਂ ਕਦੇ ਪਟਿਆਲਾ ਰਾਜ ਘਰਾਣੇ ਦੀ ਸ਼ਾਨ ਸਨ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਨ੍ਹਾਂ ਨਿਸ਼ਾਨੀਆਂ ਦੀ ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸਬੰਧਤ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੁਝ ਮਹੀਨੇ ਪਹਿਲਾਂ ਤੋਪਾਂ ਦਾ ਹਸ਼ਰ ਆਪ ਜਾ ਕੇ ਵੇਖਿਆ ਸੀ, ਪਰ ਇਨ੍ਹਾਂ ਦੀ ਹਾਲਤ ਸੁਧਾਰਨ ਲਈ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਵਿਰਾਸਤੀ ਸ਼ਹਿਰ ‘ਪਟਿਆਲਾ ਰਿਆਸਤ’ ਦੀਆਂ ਦੁਰੱਲਭ ਨਿਸ਼ਾਨੀਆਂ ਨਾਲ ਭਰਪੂਰ ਹੈ, ਜਿਨ੍ਹਾਂ ਵਿੱਚ ਕਈ ਦਹਾਕਿਆਂ ਤੋਂ ਸ਼ੀਸ਼ ਮਹਿਲ ਵਿੱਚ ਟਿਕਾਏ ਵੱਡੇ ਤੇ ਛੋਟੇ ਗੋਲੇ ਤੇ ਬਾਰੂਦ ਵਾਲੀਆਂ ਤੋਪਾਂ ਵੀ ਹਨ, ਪਰ ਉਨ੍ਹਾਂ ਦੀ ਹਾਲਤ ਮਾੜੀ ਹੈ। ਪਹਿਲਾਂ ਇਹ ਤੋਪਾਂ ਕਿਲ੍ਹਾ ਮੁਬਾਰਕ ਵਿੱਚ ਹੁੰਦੀਆਂ ਸਨ, ਪਰ 1975 ਤੋਂ ਸ਼ੀਸ਼ ਮਹਿਲ ਦੇ ਵਿਹੜੇ ਰੱਖਵਾ ਦਿੱਤੀਆਂ ਗਈਆਂ। ਇਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਸਨ, ਪਰ ਹੁਣ ਇਹ ਅੱਧੀ ਦਰਜਨ ਤੋਪਾਂ ਟੁੱਟ ਭੱਜ ਕੇ ਧਰਤੀ ‘ਤੇ ਵਿਛ ਗਈਆਂ ਹਨ।