ਲੰਡਨ-ਇੰਟਰਨੈੱਟ ਉੱਤੇ 14 ਸਾਲਾ ਲੜਕੀ ਨੂੰ ਵਰਗਲਾਉਣ ਦੇ ਦੋਸ਼ ਤਹਿਤ ਇੱਕ ਭਾਰਤੀ ਨੂੰ ਸਜ਼ਾ ਹੋਈ ਹੈ। ਮਾਮਲਾ ਸਾਊਥਾਲ ਦਾ ਹੈ। ਲੜਕੀ ਨੂੰ ਇੰਟਰਨੈੱਟ 'ਤੇ ਵਰਗਲਾਉਣ ਤੇ ਉਸ ਨਾਲ ਅਸ਼ਲੀਲ ਗੱਲਬਾਤ ਕਰਨ ਉਪਰੰਤ, ਉਸ ਨੂੰ ਜਿਨਸੀ ਸਬੰਧਾਂ ਲਈ ਮਿਲਣ ਦੇ ਇਰਾਦੇ ਨਾਲ 100 ਮੀਲ ਦਾ ਸਫ਼ਰ ਤੈਅ ਕਰਕੇ ਕਵੈਂਟਰੀ ਜਾਣ ਦੇ ਮਾਮਲੇ 'ਚ 16 ਮਹੀਨੇ ਦੀ ਲਮਕਵੀਂ ਸਜ਼ਾ ਸੁਣਾਈ ਗਈ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਸੰਦੀਪ ਕੁਮਾਰ (34) ਵਾਸੀ ਡੇਨ ਰੋਡ, ਸਾਊਥਾਲ ਨੇ ਇਹ ਅਪਰਾਧ ਉਦੋਂ ਕੀਤਾ ਜਦ ਉਸ ਦੀ ਪਤਨੀ ਗਰਭਵਤੀ ਸੀ ਉਸ ਨੇ ਇਕ 14 ਸਾਲਾ ਲੜਕੀ ਨਾਲ ਇੰਟਰਨੈੱਟ 'ਤੇ ਸੰਪਰਕ ਵਧਾਇਆ, ਜੋ ਕਿ ਅਸਲ ਵਿਚ ਮਰਦ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਜੋਸੇਫ਼ ਗਰਟੀ ਨਾਂਅ ਦਾ ਵਿਅਕਤੀ ਲੇਡੀ ਗੌਡੀਵਾ ਹੰਟਰਜ਼ ਗਰੁੱਪ ਦਾ ਮੈਂਬਰ ਹੈ, ਜੋ ਨਾਬਾਲਗ ਬੱਚੀਆਂ ਨੂੰ ਇੰਟਰਨੈੱਟ 'ਤੇ ਵਰਗਲਾਉਣ ਵਾਲੇ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਜਦ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਸੀ ਕਿ ਉਹ 14 ਤੋਂ 20 ਸਾਲ ਦੀਆਂ ਕੁੜੀਆਂ ਦੇ ਪ੍ਰੋਫ਼ਾਈਲ ਵੇਖਦਾ ਰਹਿੰਦਾ ਸੀ। ਅਦਾਲਤ ਨੇ ਉਸ ਨੂੰ 16 ਮਹੀਨੇ ਕੈਦ ਦੀ ਸਜ਼ਾ, ਦੋ ਸਾਲ ਲਈ ਲਮਕਵੀਂ ਸੁਣਾਈ ਹੈ। ਉਸ ਨੂੰ ਇਕ ਰੀਬ ਕੋਰਸ ਵਿਚ ਹਿੱਸਾ ਲੈਣ ਦੇ ਹੁਕਮ ਵੀ ਸੁਣਾਏ ਗਏ ਹਨ। ਉਸ ਦਾ ਨਾਂਅ 10 ਸਾਲਾਂ ਲਈ ਜਿਨਸੀ ਹਮਲਾਵਰਾਂ ਦੀ ਸੂਚੀ 'ਚ ਵੀ ਦਰਜ ਕਰ ਲਿਆ ਗਿਆ ਹੈ।