ਤੁਸੀਂ ਕੁਝ ਅਜਿਹੀਆਂ ਕਹਾਣੀਆਂ ਜ਼ਰੂਰ ਸੁਣੀਆਂ ਹੋਣਗੀਆਂ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਜਦੋਂ ਉਸ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਉਹ ਜ਼ਿੰਦਾ ਹੈ। ਅਜਿਹੇ 'ਚ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੇ ਵਿਅਕਤੀ ਨੂੰ ਮ੍ਰਿਤਕ ਐਲਾਨਿਆ, ਉਸ ਨੇ ਚੰਗੀ ਤਰ੍ਹਾਂ ਨਹੀਂ ਦੇਖਿਆ ਹੋਵੇਗਾ। ਇਸ ਤੋਂ ਇਲਾਵਾ ਅਜਿਹੇ ਮਾਮਲੇ ਧਾਰਮਿਕ ਮਾਨਤਾਵਾਂ ਨਾਲ ਵੀ ਜੁੜੇ ਹੋਏ ਹਨ। ਹਾਲ ਹੀ 'ਚ ਨਿਊਯਾਰਕ 'ਚ ਇਕ ਔਰਤ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪਰ ਬਾਅਦ 'ਚ ਪਤਾ ਲੱਗਿਆ ਕਿ ਉਹ ਜ਼ਿੰਦਾ ਹੈ। ਇਸ ਤੋਂ ਇਲਾਵਾ ਆਓਵਾ 'ਚ ਵੀ ਇਸੇ ਤਰ੍ਹਾਂ ਦੀ ਇਕ ਘਟਨਾ 'ਚ ਦਿਮਾਗੀ ਕਮਜ਼ੋਰੀ ਤੋਂ ਪੀੜਤ 66 ਸਾਲਾ ਔਰਤ ਨੂੰ ਨਰਸ ਨੇ ਮ੍ਰਿਤਕ ਐਲਾਨ ਦਿੱਤਾ ਸੀ ਪਰ ਅੰਤਿਮ ਸੰਸਕਾਰ ਸਮੇਂ ਔਰਤ ਨੂੰ ਸਾਹ ਲੈਂਦੇ ਵੇਖਿਆ ਗਿਆ।
ਅਜਿਹੇ 'ਚ ਸਵਾਲ ਇਹ ਹੈ ਕਿ ਅਜਿਹਾ ਕਿਸ ਕਾਰਨ ਹੁੰਦਾ ਹੈ? ਕੀ ਲੋਕ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਹੋ ਜਾਂਦੇ ਹਨ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ? ਤਾਂ ਜਾਣੋ ਕੀ ਹੈ ਮਰੇ ਹੋਏ ਸ਼ਖ਼ਸ ਦੇ ਮੁੜ ਜ਼ਿੰਦਾ ਹੋਣ ਦੀ ਕਹਾਣੀ...
ਪਹਿਲਾਂ ਕਿਵੇਂ ਪਤਾ ਲੱਗਦਾ ਸੀ?
ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਘਟਨਾਵਾਂ ਬਹੁਤ ਆਮ ਨਹੀਂ ਹਨ। ਅਜਿਹੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਪਹਿਲਾਂ ਕੁਝ ਦੇਸ਼ਾਂ 'ਚ ਇਹ ਰਿਵਾਜ ਸੀ ਕਿ ਮਰੇ ਹੋਏ ਮਲਾਹ ਲਈ ਕਫ਼ਨ ਦੀ ਸਿਲਾਈ ਕਰਨ ਸਮੇਂ ਉਸ ਦੇ ਕਫ਼ਨ ਦਾ ਆਖਰੀ ਟਾਂਕਾ ਦੀ ਸੂਈ ਲਾਸ਼ ਦੇ ਨੱਕ 'ਚ ਲਗਾਈ ਜਾਂਦੀ ਸੀ। ਨੱਕ 'ਚ ਸੂਈ ਪਾਉਣ ਦਾ ਕਾਰਨ ਇਹ ਸੀ ਕਿ ਜੇ ਮਲਾਹ 'ਚ ਜਾਨ ਹੈ ਤਾਂ ਉਹ ਸੂਈ ਦੇ ਚੁਭਣ ਉੱਤੇ ਪ੍ਰਤੀਕਿਰਿਆ ਕਰੇਗਾ। ਜਦਕਿ ਹੁਣ ਕਿਸੇ ਦੀ ਮੌਤ ਦੀ ਪੁਸ਼ਟੀ ਕਰਨ ਦੇ ਕਈ ਤਰੀਕੇ ਹਨ। ਹਾਲਾਂਕਿ ਅਜੇ ਵੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਵਿਅਕਤੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ ਅਤੇ ਅਜਿਹੀਆਂ ਕਈ ਕਹਾਣੀਆਂ ਹਨ।
ਅਜਿਹਾ ਕਿਉਂ ਹੁੰਦਾ ਹੈ?
ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ (ਮੈਡੀਸਿਨ) ਸਟੀਫਨ ਹਿਊਜ ਦੇ ਅਨੁਸਾਰ ਮੌਤ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਾ ਕੀਤੇ ਜਾਣ ਕਾਰਨ ਜਿਉਂਦੇ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕੀਤੇ ਜਾਣ ਦੀਆਂ ਕੁਝ ਉਦਾਹਰਣਾਂ ਸਾਹਮਣੇ ਆਈਆਂ ਹਨ। ਕਈ ਵਾਰ ਸਰੀਰ ਦੀ ਸਹੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਂਦੀ ਅਤੇ ਦਿਲ ਦੀ ਧੜਕਣ, ਰੁਕ-ਰੁਕ ਕੇ ਸਾਹ ਲੈਣ ਦੀ ਸਹੀ ਨਿਗਰਾਨੀ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।
ਕਈ ਦਵਾਈਆਂ ਵੀ ਬਣਦੀਆਂ ਹਨ ਕਾਰਨ
ਦਰਅਸਲ, ਦਿਮਾਗ ਨੂੰ ਨੁਕਸਾਨ ਤੋਂ ਬਚਾਉਣ ਲਈ ਕਈ ਵਾਰ ਮਰੀਜ਼ ਨੂੰ ਬੇਹੋਸ਼ ਕਰਨ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਸਰਜਰੀ ਆਦਿ ਲਈ ਅਨੈਸਥੀਸੀਆ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜੇਕਰ ਇਹ ਸ਼ਾਂਤ ਕਰਨ ਵਾਲੀਆਂ ਦਵਾਈਆਂ ਜ਼ਿਆਦਾ ਮਾਤਰਾ 'ਚ ਦਿੱਤੀਆਂ ਜਾਣ ਤਾਂ ਮਰੀਜ਼ ਦੀ ਪ੍ਰਤੀਕਿਰਿਆ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ ਅਤੇ ਉਸ ਦਾ ਸਾਹ ਵੀ ਹੌਲੀ ਹੋ ਜਾਂਦਾ ਹੈ। ਨਾਲ ਹੀ ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਜਾਂਦਾ ਹੈ, ਜਿਸ ਨਾਲ ਅਜਿਹਾ ਲੱਗਦਾ ਹੈ ਕਿ ਮਰੀਜ਼ ਦੀ ਮੌਤ ਹੋ ਗਈ ਹੈ। ਪਰ ਜਿਵੇਂ ਹੀ ਦਵਾਈ ਦਾ ਅਸਰ ਘੱਟ ਹੁੰਦਾ ਹੈ ਤਾਂ ਸ਼ਖ਼ਸ ਜਾਗ ਸਕਦਾ ਹੈ।
ਡੁੱਬਣ ਨਾਲ ਮੌਤ 'ਚ ਰਹਿੰਦੀ ਹੈ ਸੰਭਾਵਨਾ
ਜਦੋਂ ਕਿਸੇ ਵਿਅਕਤੀ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਸਥਿਤੀ 'ਚ ਅਜਿਹੇ ਮਾਮਲਿਆਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਦੱਸ ਦੇਈਏ ਕਿ ਲੰਬੇ ਸਮੇਂ ਤੱਕ ਪਾਣੀ 'ਚ ਰਹਿਣ ਤੋਂ ਬਾਅਦ ਜ਼ਿੰਦਾ ਰਹਿਣ ਦੇ ਕਈ ਮਾਮਲਾ ਸਾਹਮਣੇ ਆਏ ਹਨ। ਮੈਡੀਕਲ ਸਾਇੰਸ ਦੇ ਅਧਿਐਨ 'ਚ ਇਹ ਹਮੇਸ਼ਾ ਸਿਖਾਇਆ ਜਾਂਦਾ ਹੈ ਕਿ ਡੁੱਬਣ ਵਾਲੇ ਮਰੀਜ਼ ਨੂੰ ਉਦੋਂ ਤੱਕ ਮਰਿਆ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਉਸ ਦਾ ਸਰੀਰ ਗਰਮ ਨਹੀਂ ਹੋ ਜਾਂਦਾ। 70 ਮਿੰਟ ਤੱਕ ਠੰਡੇ ਪਾਣੀ 'ਚ ਡੁਬੇ ਰਹਿਣ ਤੋਂ ਬਾਅਦ ਵੀ ਵਿਅਕਤੀ ਦੇ ਜ਼ਿੰਦਾ ਰਹਿਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬੇਹੋਸ਼ ਹੋਣ ਦੀ ਹਾਲਤ 'ਚ ਹੋਣ 'ਤੇ ਵੀ ਮੌਤ ਦੀ ਤਸਦੀਕ ਕਰਨ ਵਾਲੇ ਡਾਕਟਰ ਨਾਲ ਧੋਖਾ ਹੋ ਸਕਦਾ ਹੈ।
ਕਿਸ-ਕਿਸ ਤਰ੍ਹਾਂ ਦੇ ਮਾਮਲੇ ਆਏ ਸਾਹਮਣੇ?
ਨਿਊਯਾਰਕ ਦੇ ਇੱਕ ਨਰਸਿੰਗ ਹੋਮ 'ਚ ਇੱਕ ਔਰਤ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ, ਪਰ ਬਾਅਦ 'ਚ ਅੰਤਿਮ ਸੰਸਕਾਰ ਕਰਨ ਵਾਲੇ ਸਟਾਫ਼ ਨੇ ਉਸ ਨੂੰ ਜ਼ਿੰਦਾ ਪਾਇਆ ਸੀ।
ਆਓਵਾ 'ਚ ਦਿਮਾਗੀ ਕਮਜ਼ੋਰੀ ਨਾਲ ਪੀੜਤ ਇੱਕ 66 ਸਾਲਾ ਔਰਤ ਨੂੰ ਇੱਕ ਨਰਸ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ, ਪਰ ਜਦੋਂ ਉਸ ਦੀ ਬਾਡੀ ਵਾਲੇ ਬੈਗ ਨੂੰ ਸਸਕਾਰ ਲਈ ਖੋਲ੍ਹਿਆ ਗਿਆ ਸੀ ਤਾਂ ਉਹ ਜ਼ਿੰਦਾ ਪਾਈ ਗਈ ਸੀ ਅਤੇ ਸਾਹ ਲੈ ਰਹੀ ਸੀ।
ਰਿਪੋਰਟ ਮੁਤਾਬਕ ਇਕ ਦਿਨ ਹਸਪਤਾਲ 'ਚ ਇਕ ਸਾਥੀ ਨੇ ਇਕ ਬਜ਼ੁਰਗ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ, ਪਰ ਕੁਝ ਦੇਰ ਬਾਅਦ ਉਸ ਨੇ ਦੁਬਾਰਾ ਸਾਹ ਲੈਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਸਮੇਂ ਲਈ ਉਸ ਦੀ ਨਬਜ਼ ਠੀਕ ਹੋ ਗਈ।
ਇੱਕ ਵਾਰ ਇੱਕ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਉਸ ਨੂੰ ਮੁਰਦਾ ਘਰ 'ਚ ਲਿਜਾਇਆ ਗਿਆ। ਦਰਅਸਲ, ਔਰਤ ਨੇ ਮਿਰਗੀ ਲਈ ਦਿੱਤੀ ਗਈ ਦਵਾਈ ਤੈਅ ਮਾਤਰਾ ਤੋਂ ਵੱਧ ਖਾ ਲਈ ਸੀ। ਮੁਰਦਾ ਘਰ ਲਿਜਾਣ ਤੋਂ ਬਾਅਦ ਉਸ ਦੀ ਲੱਤ ਹਿੱਲਣ ਲੱਗੀ ਅਤੇ ਬਾਅਦ 'ਚ ਉਹ ਠੀਕ ਹੋ ਗਈ ਸੀ।
ਇੱਕ ਵਾਰ ਇੱਕ ਗਰਭਵਤੀ ਔਰਤ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸਦਮੇ ਕਾਰਨ ਮਰ ਗਈ ਸੀ। ਉਸ ਦੀ ਲਾਸ਼ ਦਫਨਾਉਣ ਤੋਂ ਇੱਕ ਦਿਨ ਬਾਅਦ ਉਸ ਦੀ ਕਬਰ ਦੇ ਅੰਦਰੋਂ ਉਸ ਦੀਆਂ ਚੀਕਾਂ ਸੁਣਾਈ ਦਿੱਤੀਆਂ। ਬਹੁਤ ਸੰਭਵ ਹੈ ਕਿ ਉਹ ਲੰਬੇ ਸਮੇਂ ਤੱਕ ਬੇਹੋਸ਼ ਰਹਿਣ ਤੋਂ ਬਾਅਦ ਜਾਗ ਗਈ ਹੋਵੇਗੀ।