Zero Rupee Note in India: ਜੇਕਰ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਤੁਸੀਂ ਕਿੰਨੇ ਰੁਪਏ ਦੇ ਨੋਟ ਦੇਖੇ ਹਨ ਤਾਂ ਹਰ ਕਿਸੇ ਦਾ ਜਵਾਬ ਹੋਵੇਗਾ - 1, 2, 5, 10, 20, 50, 100, 200, 500, 1000 ਅਤੇ 2000। ਹਾਲਾਂਕਿ 8 ਨਵੰਬਰ 2016 'ਚ ਨੋਟਬੰਦੀ ਦੌਰਾਨ 500 ਅਤੇ 1000 ਦੇ ਨੋਟਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ 500 ਅਤੇ 2000 ਦੇ ਨਵੇਂ ਨੋਟ ਸਰਕੁਲੇਸ਼ਨ 'ਚ ਆਏ। ਦੇਸ਼ 'ਚ ਹੁਣ ਤੱਕ ਛਪੇ ਸਭ ਤੋਂ ਵੱਧ ਕੀਮਤ ਦਾ ਨੋਟ 10,000 ਸੀ। ਪਰ ਕੀ ਤੁਸੀਂ ਕਦੇ 0 ਰੁਪਏ ਦਾ ਨੋਟ ਦੇਖਿਆ ਹੈ। ਤੁਹਾਨੂੰ ਸੁਣਨ 'ਚ ਮਜ਼ਾਕੀਆ ਲੱਗੇਗਾ ਪਰ ਇਹ ਸੱਚ ਹੈ। ਦਰਅਸਲ, ਇਹ ਨੋਟ ਦੇਸ਼ 'ਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਮਕਸਦ ਨਾਲ ਛਾਪੇ ਗਏ ਸਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 0 ਰੁਪਏ ਦੇ ਨੋਟ ਨਾਲ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਆਓ ਦੱਸਦੇ ਹਾਂ ਕੀ ਸੀ ਪੂਰਾ ਮਾਮਲਾ...
ਭਾਰਤ 'ਚ ਛਾਪਿਆ ਜਾਂਦਾ ਸੀ 0 ਰੁਪਏ ਦਾ ਨੋਟ
ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਇਸ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ। ਹਰ ਪੱਧਰ ਦੇ ਬਹੁਤੇ ਲੋਕ ਭ੍ਰਿਸ਼ਟਾਚਾਰ 'ਚ ਲਿਪਤ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਖੇਤਰਾਂ ਦੇ ਵੱਖ-ਵੱਖ ਵਿਭਾਗਾਂ 'ਚ ਵੱਖ-ਵੱਖ ਪੱਧਰਾਂ 'ਤੇ ਕੁਝ ਲੋਕ ਅਜਿਹੇ ਹਨ ਜੋ ਰਿਸ਼ਵਤ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ 'ਚ 0 ਰੁਪਏ ਦੇ ਨੋਟ ਛਾਪੇ ਗਏ ਸਨ।
ਕਿਸ ਨੇ ਛਾਪਿਆ ਸੀ 0 ਰੁਪਏ ਦਾ ਨੋਟ?
ਦਰਅਸਲ, ਇਹ ਨੋਟ ਰਿਜ਼ਰਵ ਬੈਂਕ ਨੇ ਨਹੀਂ ਸਗੋਂ ਇੱਕ NGO ਨੇ ਛਾਪਿਆ ਸੀ। ਭਾਰਤ 'ਚ ਇੱਕ ਐਨਜੀਓ ਫਿਫਥ ਪਿੱਲਰ (Fifth Pillar NGO in India) ਵੱਲੋਂ ਸਾਲ 2007 'ਚ ਜ਼ੀਰੋ ਰੁਪਏ ਦੇ ਨੋਟ ਛਾਪੇ ਗਏ ਸਨ। ਇਨ੍ਹਾਂ NGO ਨੇ ਇਹ ਨੋਟ 4 ਭਾਸ਼ਾਵਾਂ ਹਿੰਦੀ, ਤੇਲਗੂ, ਕੰਨੜ ਅਤੇ ਮਲਿਆਲਮ 'ਚ ਛਾਪੇ ਸਨ। ਇਸ ਨੋਟ 'ਤੇ ਲਿਖਿਆ ਹੈ ਕਿ ਮੈਂ ਨਾ ਤਾਂ ਰਿਸ਼ਵਤ ਲਵਾਂਗਾ ਅਤੇ ਨਾ ਹੀ ਦੇਵਾਂਗਾ ਅਤੇ ਨੋਟ 'ਤੇ ਕਰੀਬ 5 ਲੱਖ ਲੋਕਾਂ ਦੇ ਦਸਤਖ਼ਤ ਸਨ।
0 ਰੁਪਏ ਦੇ ਨੋਟ ਕਿੱਥੇ ਅਤੇ ਕਿਉਂ ਵੰਡਣੇ ਹਨ?
ਗ਼ੈਰ-ਸਰਕਾਰੀ ਸੰਗਠਨ ਨਾਲ ਜੁੜੇ ਲੋਕਾਂ ਨੇ ਇਹ ਨੋਟ ਬੱਸ ਸਟੈਂਡ, ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਬਾਜ਼ਾਰ ਆਦਿ ਥਾਵਾਂ 'ਤੇ ਵੰਡੇ ਅਤੇ ਨਾਲ ਹੀ ਲੋਕਾਂ ਨੂੰ ਇਕ ਪੈਂਫਲੈਟ ਵੀ ਦਿੱਤਾ ਗਿਆ, ਜਿਸ 'ਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਜਾਗਰੂਕਤਾ ਸਬੰਧੀ ਜਾਣਕਾਰੀ ਲਿਖੀ ਗਈ ਸੀ। ਇਨ੍ਹਾਂ ਨੋਟਾਂ ਨੂੰ ਛਾਪਣ ਦਾ ਮਕਸਦ ਰਿਸ਼ਵਤ ਲੈਣ ਵਾਲੇ ਲੋਕਾਂ ਨੂੰ ਸਬਕ ਸਿਖਾਉਣਾ ਸੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਹ ਇਹ ਨੋਟ ਉਨ੍ਹਾਂ ਨੂੰ ਸੌਂਪ ਦੇਣ।
ਕਿਹੋ ਜਿਹਾ ਦਿਖਾਈ ਦਿੰਦਾ ਸੀ ਇਹ ਨੋਟ?
ਹੋਰ ਨੋਟਾਂ ਦੀ ਤਰ੍ਹਾਂ ਇਸ ਨੋਟ 'ਤੇ ਵੀ ਮਹਾਤਮਾ ਗਾਂਧੀ ਦੀ ਤਸਵੀਰ ਛਪੀ ਸੀ। ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ NGO ਨੇ ਇਸ ਨੋਟ 'ਤੇ ਕਈ ਸਲੋਗਨ ਲਿਖੇ ਸਨ, ਜੋ ਸਨ -
'ਭ੍ਰਿਸ਼ਟਾਚਾਰ ਖ਼ਤਮ ਕਰੋ'
'ਜੇ ਕੋਈ ਰਿਸ਼ਵਤ ਮੰਗੇ ਤਾਂ ਇਹ ਨੋਟ ਦੇ ਕੇ ਸਾਡੇ ਕੋਲ ਰਿਪੋਰਟ ਕਰੋ'
'ਅਸੀਂ ਨਾ ਲੈਣ ਦੀ, ਨਾ ਦੇਣ ਦੀ ਸਹੁੰ ਖਾਂਦੇ ਹਾਂ'
ਇਸ ਸੰਸਥਾ ਦਾ ਫ਼ੋਨ ਨੰਬਰ ਅਤੇ ਈਮੇਲ ਆਈਡੀ ਨੋਟ ਦੇ ਹੇਠਾਂ ਸੱਜੇ ਪਾਸੇ ਪ੍ਰਿੰਟ ਕੀਤੀ ਗਈ ਸੀ।