ਕਾਠਮੰਡੂ: ਦੀਵਾਲੀ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਨਾਈ ਜਾਂਦੀ ਹੈ।ਪਰ ਭਾਰਤ ਦੇ ਨੇੜੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਦੀਵਾਲੀ ਨੂੰ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। ਦਰਅਸਲ, ਭਾਰਤ ਦਾ ਗੁਆਂਢੀ ਮੁਲਕ ਨੇਪਾਲ ਦੀਵਾਲੀ ਮੌਕੇ ਲਕਸ਼ਮੀ-ਗਣੇਸ਼ ਨਹੀਂ ਬਲਕਿ ਕੁੱਤਿਆਂ ਦੀ ਪੂਜਾ ਕਰਦਾ ਹੈ। ਇੱਥੇ ਦੀਵਾਲੀ ਨੂੰ ਤਿਹਾਰ ਕਿਹਾ ਜਾਂਦਾ ਹੈ।ਇਹ ਬਿਲਕੁਲ ਉਸੇ ਤਰ੍ਹਾਂ ਮਨਾਇਆ ਜਾਂਦਾ ਹੈ ਜਿਵੇਂ ਭਾਰਤ ਵਿੱਚ ਦੀਵਾਲੀ ਮਨਾਈ ਜਾਂਦੀ ਹੈ।ਪਰ ਇਸਦੇ ਅਗਲੇ ਹੀ ਦਿਨ ਇੱਕ ਹੋਰ ਦੀਵਾਲੀ ਮਨਾਈ ਜਾਂਦੀ ਹੈ ਇਸ ਨੂੰ 'ਕੁਕੁਰ ਤਿਹਾਰ' ਕਿਹਾ ਜਾਂਦਾ ਹੈ।ਇਸ ਵਿੱਚ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ।



ਖਾਸ ਗੱਲ ਇਹ ਹੈ ਕਿ ਇਹ ਦੀਵਾਲੀ ਇਥੇ ਹੀ ਖਤਮ ਨਹੀਂ ਹੁੰਦੀ, ਬਲਕਿ ਪੰਜ ਦਿਨਾਂ ਤੱਕ ਚਲਦੀ ਹੈ। ਇਸ ਸਮੇਂ ਦੌਰਾਨ ਲੋਕ ਵੱਖ-ਵੱਖ ਜਾਨਵਰਾਂ ਜਿਵੇਂ ਗਾਂ, ਕੁੱਤਾ, ਕਾਂ, ਬਲਦ ਆਦਿ ਦੀ ਪੂਜਾ ਕਰਦੇ ਹਨ। ਕੁਕੁਰ ਤਿਹਾਰ ਵਿੱਚ ਕੁੱਤਿਆ ਦਾ ਸਨਮਾਨ ਕੀਤਾ ਜਾਂਦਾ ਹੈ।ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਫੁੱਲਾਂ ਨਾਲ ਹਾਰ ਪਹਿਨਾਏ ਜਾਂਦੇ ਹਨ ਅਤੇ ਤਿਲਕ ਵੀ ਲਗਾਇਆ ਜਾਂਦਾ ਹੈ।ਇਸ ਤੋਂ ਇਲਾਵਾ ਕੁੱਤਿਆਂ ਲਈ ਵਿਸ਼ੇਸ਼ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ। ਕੁੱਤਿਆਂ ਨੂੰ ਦਹੀ ਖੁਆਈ ਜਾਂਦੀ ਹੈ। ਇਸ ਦੇ ਨਾਲ ਖਾਣ ਲਈ, ਅੰਡੇ ਅਤੇ ਦੁੱਧ ਵੀ ਦਿੱਤੇ ਜਾਂਦੇ ਹਨ। ਲੋਕ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਕੁੱਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਰਹਿਣ।



ਕੁਕੁਰ ਤਿਹਾਰ ਮਨਾਉਣ ਵਾਲੇ ਲੋਕ ਕੁੱਤੇ ਨੂੰ ਦੇਵਤਾ ਯਮ ਦਾ ਸੰਦੇਸ਼ਵਾਹਕ ਮੰਨਦੇ ਹਨ। ਨੇਪਾਲ ਦੇ ਲੋਕ ਇਹ ਵੀ ਮੰਨਦੇ ਹਨ ਕਿ ਕੁੱਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਆਪਣੇ ਮਾਲਕ ਦੀ ਰੱਖਿਆ ਕਰਦੇ ਹਨ। ਇਹੋ ਕਾਰਨ ਹੈ ਕਿ ਨੇਪਾਲ ਵਿੱਚ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ।ਨੇਪਾਲ ਦਾ ਇਹ ਤਿਉਹਾਰ ਦੁਨੀਆ ਭਰ ਵਿੱਚ ਜਾਨਵਰਾਂ ਪ੍ਰਤੀ ਹੋ ਰਹੇ ਜ਼ੁਲਮ ਵਿਰੁੱਧ ਇੱਕ ਵਿਸ਼ੇਸ਼ ਸੰਦੇਸ਼ ਦਿੰਦਾ ਹੈ।