ਭਾਰਤ ‘ਚ ਤਲਾਕ ਦੇ ਆਮ ਕਾਰਨ ਦਹੇਜ਼, ਘਰੇਲੂ ਹਿੰਸਾ ਜਾਂ ਪਰਿਵਾਰਕ ਟਕਰਾਅ ਹੁੰਦੇ ਹਨ, ਪਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਜੋੜੇ ਨੇ ਵਿਆਹ ਦੇ ਸਿਰਫ ਨੌ ਮਹੀਨੇ ਬਾਅਦ ਤਲਾਕ ਲਈ ਅਰਜ਼ੀ ਦਿੱਤੀ ਹੈ, ਅਤੇ ਇਸਦਾ ਕਾਰਨ ਕੋਈ ਹੋਰ ਨਹੀਂ, ਸਗੋਂ ਉਹਨਾਂ ਦੇ ਆਪੋ-ਆਪਣੇ ਪਾਲਤੂ ਜਾਨਵਰ-ਇੱਕ ਕੁੱਤਾ ਅਤੇ ਇੱਕ ਬਿੱਲੀ ਹਨ।
ਇਹ ਜੋੜਾ ਸੋਸ਼ਲ ਮੀਡੀਆ ਰਾਹੀਂ ਮਿਲੇ ਸਨ, ਜਿੱਥੇ ਦੋਵੇਂ ਨੂੰ ਜਾਨਵਰਾਂ ਨਾਲ ਪਿਆਰ ਹੋਣ ਕਾਰਨ ਦੋਸਤੀ ਹੋਈ ਅਤੇ ਫਿਰ ਵਿਆਹ ਕਰ ਲਿਆ। ਪਰ ਹੁਣ ਇਹੀ ਜਾਨਵਰ ਉਹਨਾਂ ਦੇ ਰਿਸ਼ਤੇ ਵਿੱਚ ਦਰਾਰ ਦੀ ਵਜ੍ਹਾ ਬਣ ਗਏ।
ਪਤੀ-ਪਤਨੀ ਦੇ ਦਾਅਵੇ ਅਤੇ ਦਲੀਲਾਂ
ਪਤਨੀ ਦਾ ਦਾਅਵਾ ਹੈ ਕਿ ਪਤੀ ਦਾ ਕੁੱਤਾ ਉਸਦੀ ਬਿੱਲੀ ਨੂੰ ਵਾਰ-ਵਾਰ ਤੰਗ ਕਰਦਾ ਹੈ ਅਤੇ ਉਸ 'ਤੇ ਹਮਲਾ ਵੀ ਕਰ ਚੁੱਕਾ ਹੈ। ਦੂਜੇ ਪਾਸੇ, ਪਤੀ ਦੀ ਦਲੀਲ ਹੈ ਕਿ ਉਸਨੇ ਵਿਆਹ ਤੋਂ ਪਹਿਲਾਂ ਹੀ ਆਪਣੀ ਪਤਨੀ ਨੂੰ ਦੱਸ ਦਿੱਤਾ ਸੀ ਕਿ ਉਹ ਸਾਰੇ ਪਾਲਤੂ ਜਾਨਵਰ ਇਕੱਠੇ ਨਹੀਂ ਰੱਖ ਸਕੇਗਾ। ਇਸ ਦੇ ਬਾਵਜੂਦ, ਪਤਨੀ ਨੇ ਆਪਣੀ ਬਿੱਲੀ ਨੂੰ ਮਾਇਕੇ ਤੋਂ ਲੈ ਆਈ। ਉਸ ਦੀ ਬਿੱਲੀ ਹੁਣ ਘਰ ਵਿੱਚ ਰੱਖੀਆਂ ਮੱਛੀਆਂ ਨੂੰ ਵੀ ਤੰਗ ਕਰਦੀ ਹੈ।
ਕਾਉਂਸਲਰ ਦੀ ਸਲਾਹ ਅਤੇ ਪਰਿਵਾਰ ਦੀਆਂ ਕੋਸ਼ਿਸ਼ਾਂ
ਪਤੀ ਆਈ.ਟੀ. ਸੈਕਟਰ ਵਿੱਚ 'ਵਰਕ ਫਰਾਮ ਹੋਮ' ਕਰਦਾ ਹੈ ਅਤੇ ਪਤਨੀ ਯੂ.ਪੀ. ਦੀ ਰਹਿਣ ਵਾਲੀ ਹੈ, ਜੋ ਭੋਪਾਲ ਵਿੱਚ ਨੌਕਰੀ ਕਰ ਰਹੀ ਹੈ। ਦੋਵੇਂ ਆਪਣੇ-ਆਪਣੇ ਪਾਲਤੂ ਜਾਨਵਰਾਂ ਨੂੰ ਲੈ ਕੇ ਇੰਨੇ ਜ਼ਿੱਦੀ ਹਨ ਕਿ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਲਈ ਤਿਆਰ ਨਹੀਂ ਹਨ। ਪਰਿਵਾਰ ਦੀਆਂ ਲੱਖ ਕੋਸ਼ਿਸ਼ਾਂ ਅਤੇ ਕਾਉਂਸਲਿੰਗ ਦੇ ਬਾਵਜੂਦ, ਇਹ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੈ।
ਪਰਿਵਾਰਕ ਕਾਉਂਸਲਰ ਦੀ ਚਿੰਤਾ ਅਤੇ ਸਲਾਹ
ਪਰਿਵਾਰਕ ਕਾਉਂਸਲਰ ਸ਼ੈਲ ਅਵਸਥੀ ਨੇ ਇਸ ਮਾਮਲੇ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਲੋਕ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਿਰਫ਼ ਪਾਲਤੂ ਜਾਨਵਰਾਂ ਨਾਲ ਹੀ ਰਹਿ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਰਿਸ਼ਤਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਿਸ ਕਾਰਨ ਤਲਾਕ ਦੇ ਅਜਿਹੇ ਅਜੀਬ ਮਾਮਲੇ ਸਾਹਮਣੇ ਆ ਰਹੇ ਹਨ। ਇਹ ਘਟਨਾ ਦਿਖਾਉਂਦੀ ਹੈ ਕਿ ਪਾਲਤੂ ਜਾਨਵਰਾਂ ਪ੍ਰਤੀ ਹੱਦ ਤੋਂ ਵੱਧ ਲਗਾਵ ਕਈ ਵਾਰ ਰਿਸ਼ਤਿਆਂ ਨੂੰ ਵੀ ਖਤਰੇ ਵਿੱਚ ਪਾ ਸਕਦਾ ਹੈ।