Watch Video: ਅਮਰੀਕਾ 'ਚ ਡੇਲਟਾ ਏਅਰਲਾਈਨਜ਼ ਦੀ ਇਕ ਘਰੇਲੂ ਉਡਾਣ ਓਸ ਵੇਲੇ ਹੰਗਾਮੇ ਦਾ ਸ਼ਿਕਾਰ ਹੋ ਗਈ ਜਦੋਂ ਦੋ ਕਬੂਤਰ ਜਹਾਜ਼ 'ਚ ਘੁੱਸ ਗਏ ਤੇ ਯਾਤਰੀਆਂ ਵਿਚ ਅਫੜਾ-ਤਫੜੀ ਮਚ ਗਈ। ਇਹ ਉਡਾਣ ਲਗਭਗ 30 ਮਿੰਟ ਤੱਕ ਰੁਕੀ ਰਹੀ। ਇਹ ਅਜੀਬੋ-ਗਰੀਬ ਘਟਨਾ ਸ਼ਨੀਵਾਰ ਨੂੰ ਹੋਈ, ਜਦੋਂ ਡੇਲਟਾ ਦੀ ਫਲਾਈਟ ਨੰਬਰ 2348 ਮਿਨੀਆਪੋਲਿਸ ਤੋਂ ਮੈਡਿਸਨ, ਵਿਸਕਾਂਸਿਨ ਵੱਲ ਜਾ ਰਹੀ ਸੀ।

ABC ਨਿਊਜ਼ ਦੀ ਰਿਪੋਰਟ ਮੁਤਾਬਕ, ਪਹਿਲੀ ਵਾਰ ਕਬੂਤਰ ਤਦੋਂ ਦਿੱਖਿਆ ਜਦੋਂ ਯਾਤਰੀਆਂ ਦੀ ਬੋਰਡਿੰਗ ਮੁਕੰਮਲ ਹੋ ਚੁਕੀ ਸੀ। ਉਹ ਸਾਰੇ ਕੈਬਿਨ ਵਿਚ ਉੱਡਦਾ ਰਿਹਾ, ਜਿਸ ਕਰਕੇ ਕਰੂ ਮੰਬਰਾਂ ਨੂੰ ਜਹਾਜ਼ ਨੂੰ ਵਾਪਸ ਗੇਟ 'ਤੇ ਲੈ ਕੇ ਆਉਣਾ ਪਿਆ। ਉਸਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ। ਪਰ ਜਿਵੇਂ ਹੀ ਜਹਾਜ਼ ਰਨਵੇ 'ਤੇ ਟੈਕਸੀ ਕਰਨਾ ਸ਼ੁਰੂ ਕਰਦਾ ਹੈ, ਇੱਕ ਹੋਰ ਕਬੂਤਰ ਨਿਕਲ ਆਉਂਦਾ ਹੈ। ਨਤੀਜੇ ਵਜੋਂ ਫਲਾਈਟ ਨੂੰ ਫਿਰ ਰੋਕਣਾ ਪੈਂਦਾ ਹੈ।

ਯਾਤਰੀ ਟੌਮ ਕਾਊ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਇੱਕ ਵੀਡੀਓ ਵਿੱਚ ਕਬੂਤਰ ਨੂੰ ਕੈਬਿਨ ਵਿਚ ਉੱਡਦੇ ਹੋਏ ਵੇਖਿਆ ਜਾ ਸਕਦਾ ਹੈ, ਜਦ ਕਿ ਇੱਕ ਯਾਤਰੀ ਉਸਨੂੰ ਆਪਣੀ ਜੈਕੇਟ ਨਾਲ ਫੜਨ ਦੀ ਕੋਸ਼ਿਸ਼ ਕਰਦਾ ਹੈ। ਟੌਮ ਨੇ ਮਜ਼ਾਕ ਵਿੱਚ ਲਿਖਿਆ, "ਲੱਗਦਾ ਹੈ ਕਬੂਤਰ ਆਪ ਉੱਡਦੇ-ਉੱਡਦੇ ਥੱਕ ਗਏ ਸਨ ਤੇ ਸਨੈਕਸ ਦੀ ਤਲਾਸ਼ 'ਚ ਫਲਾਈਟ 'ਚ ਚੜ੍ਹ ਗਏ ਸਨ!"

ਵੀਡੀਓ ਵਾਇਰਲ ਹੋਇਆ

ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਉੱਤੇ ਮਜ਼ਾਕੀਆ ਟਿੱਪਣੀਆਂ ਦਾ ਹੜ੍ਹ ਆ ਗਿਆ। ਇਕ ਯੂਜ਼ਰ ਨੇ ਲਿਖਿਆ, “ਨਵਾਂ ਡਰ ਖੁਲ ਗਿਆ!” ਹੋਰ ਇੱਕ ਨੇ ਕਿਹਾ, “ਹੁਣ ਤਾਂ ਕਬੂਤਰ ਵੀ ਫਲਾਈਟ 'ਚ ਸਫਰ ਕਰਨ ਲੱਗ ਪਏ ਨੇ, ਸਾਨੂੰ ਵੀ ਨਾਲ ਲੈ ਚੱਲੋ!”

56 ਮਿੰਟ ਦੀ ਦੇਰੀ, ਏਅਰਲਾਈਨ ਨੇ ਮੰਗੀ ਮਾਫੀ

ਜਹਾਜ਼ 'ਚ ਕੁੱਲ 119 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਡੇਲਟਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਫਲਾਈਟ ਆਪਣੇ ਨਿਧਾਰਤ ਸਮੇਂ ਨਾਲੋਂ 56 ਮਿੰਟ ਦੀ ਦੇਰੀ ਨਾਲ ਮੈਡਿਸਨ ਪਹੁੰਚੀ। ਏਅਰਲਾਈਨ ਨੇ ਬਿਆਨ ਜਾਰੀ ਕਰਕੇ ਯਾਤਰੀਆਂ ਤੋਂ ਹੋਈ ਅਸੁਵਿਧਾ ਲਈ ਮਾਫੀ ਮੰਗੀ ਹੈ ਅਤੇ ਕਿਹਾ, “ਸਾਡੇ ਕਰਮਚਾਰੀਆਂ ਅਤੇ ਯਾਤਰੀਆਂ ਦੀ ਚੌਕਸੀ ਕਾਰਨ ਕਬੂਤਰਾਂ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ। ਅਸੀਂ ਹੋਈ ਅਸੁਵਿਧਾ ਲਈ ਖੇਦ ਜਤਾਉਂਦੇ ਹਾਂ।”