ਇਕ ਪਾਇਲਟ ਜਹਾਜ਼ 'ਚ ਸਵਾਰ ਯਾਤਰੀਆਂ ਦੀਆਂ ਹਰਕਤਾਂ ਤੋਂ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੂੰ ਫਲਾਈਟ ਰੱਦ ਕਰਨ ਦੀ ਚਿਤਾਵਨੀ ਦੇਣੀ ਪਈ। ਇੰਨਾ ਹੀ ਨਹੀਂ, ਉਸ ਨੇ ਯਾਤਰੀਆਂ ਨੂੰ ਉਤਾਰਨ ਦੀ ਚਿਤਾਵਨੀ ਵੀ ਦਿੱਤੀ। ਦਰਅਸਲ, ਕੁਝ ਯਾਤਰੀ AirDrop ਰਾਹੀਂ ਪਾਇਲਟ ਨੂੰ ਨਗਨ ਤਸਵੀਰਾਂ ਭੇਜ ਰਹੇ ਸਨ।


ਅਜਿਹੀਆਂ ਹਰਕਤ ਤੋਂ ਨਾਰਾਜ਼ ਹੋਇਆ ਪਾਇਲਟ


ਦੱਸ ਦੇਈਏ ਕਿ AirDrop ਜ਼ਰੀਏ iPhone ਯੂਜਰਸ ਵਾਈ-ਫਾਈ ਜਾਂ ਸੈਲੂਲਰ ਡਾਟਾ ਦੀ ਵਰਤੋਂ ਕੀਤੇ ਬਗੈਰ ਦੂਜੇ ਐਪਲ ਯੂਜਰਸ ਨੂੰ ਡਿਜ਼ੀਟਲ ਫਾਈਲਾਂ ਭੇਜ ਸਕਦੇ ਹਨ। nypost.com ਪੋਸਟ ਦੀ ਰਿਪੋਰਟ ਮੁਤਾਬਕ ਮਾਮਲਾ ਸਾਊਥਵੈਸਟ ਏਅਰਲਾਈਨਜ਼ ਦਾ ਹੈ। ਫਲਾਈਟ ਮੈਕਸੀਕੋ ਜਾ ਰਹੀ ਸੀ। ਫਿਰ ਇਸ 'ਚ ਸਵਾਰ ਯਾਤਰੀਆਂ ਨੇ ਪਾਇਲਟ ਨੂੰ ਨਿਊਡ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਪਾਇਲਟ ਨੇ ਇੰਟਰਕਾਮ 'ਤੇ ਇਸ ਬਾਰੇ ਚੇਤਾਵਨੀ ਦਿੱਤੀ। ਉਸ ਨੇ ਕਿਹਾ ਕਿ ਜੇਕਰ ਯਾਤਰੀਆਂ ਨੇ ਉਸ ਨੂੰ ਤਸਵੀਰਾਂ ਭੇਜਣੀਆਂ ਬੰਦ ਨਾ ਕੀਤੀਆਂ ਤਾਂ ਉਹ ਮੈਕਸੀਕੋ ਜਾਣ ਵਾਲੀ ਫਲਾਈਟ ਨੂੰ ਰੋਕ ਦੇਵੇਗਾ।


ਪਾਇਲਟ ਦੀ ਇਸ ਚਿਤਾਵਨੀ ਨੂੰ ਜਹਾਜ਼ 'ਚ ਸਵਾਰ ਇੱਕ ਯਾਤਰੀ ਨੇ ਆਪਣੇ ਕੈਮਰੇ 'ਚ ਰਿਕਾਰਡ ਕਰ ਲਿਆ ਅਤੇ ਇਸ ਨੂੰ TikTok 'ਤੇ ਪੋਸਟ ਕਰ ਦਿੱਤਾ। ਇਹ ਕਲਿੱਪ ਪੋਸਟ ਹੋਣ ਤੋਂ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਨੂੰ ਹੁਣ ਤੱਕ 20 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


'ਹਰ ਕਿਸੇ ਨੂੰ ਜਹਾਜ਼ ਤੋਂ ਉਤਰਨਾ ਪਵੇਗਾ'


ਵੀਡੀਓ 'ਚ ਪਾਇਲਟ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੇਕਰ ਤੁਸੀਂ (ਯਾਤਰੀ) ਨਿਊਡ ਫ਼ੋਟੋਆਂ ਭੇਜਦੇ ਰਹੇ ਤਾਂ ਸਾਰਿਆਂ ਨੂੰ ਜਹਾਜ਼ ਤੋਂ ਉਤਰਨਾ ਹੋਵੇਗਾ। ਸਾਨੂੰ ਸਕਿਊਰਿਟੀ ਨੂੰ ਬੁਲਾਉਣਾ ਪਵੇਗਾ ਅਤੇ ਤੁਹਾਡੀ ਛੁੱਟੀਆਂ ਬਰਬਾਦ ਹੋ ਜਾਣਗੀਆਂ। ਵਾਇਰਲ ਵੀਡੀਓ 'ਤੇ ਏਅਰਲਾਈਨ ਕੰਪਨੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਸਾਊਥਵੈਸਟ ਏਅਰਲਾਈਨਜ਼ ਨੇ ਕਿਹਾ ਕਿ ਯਾਤਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਲਾਮਤੀ ਹਰ ਸਮੇਂ ਸਾਡੀ ਟੀਮ ਦੀ ਪ੍ਰਮੁੱਖ ਤਰਜ਼ੀਹ ਹੈ।


ਰਿਪੋਰਟ ਮੁਤਾਬਕ ਹਾਲ ਹੀ ਦੇ ਮਹੀਨਿਆਂ 'ਚ ਕੁਝ ਹੋਰ ਏਅਰਲਾਈਨਾਂ 'ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਯਾਤਰੀਆਂ ਨੇ AirDrop ਰਾਹੀਂ ਪਾਇਲਟ ਨੂੰ ਮੈਸੇਜ ਜਾਂ ਤਸਵੀਰਾਂ ਭੇਜੀਆਂ ਸਨ ਅਤੇ ਇਸ ਕਾਰਨ ਪਾਇਲਟ ਨੂੰ ਪ੍ਰੇਸ਼ਾਨੀ ਹੋਈ ਸੀ।