ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ ਜਾਂਦੇ ਹਨ ਪਰ ਕੀ ਤੁਸੀਂ ਇਹ ਸੁਣਿਆ ਹੈ ਕਿ ਪੁਲਿਸ ਵਾਲੇ ਕਿਸੇ ਦੀ ਖਾਤਿਰਦਾਰੀ ਕਰਦੇ ਹਨ। ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹਾ ਹੀ ਕਿੱਸਾ ਦੱਸ ਰਹੇ ਹਾਂ ਜਿਸ ਵਿੱਚ ਪੁਲਿਸ ਕਿਸੇ ਇਨਸਾਨ ਦੀ ਨਹੀਂ ਬਲਕਿ ਮੁਰਗਿਆਂ ਦੀ ਮਹਿਮਾਨ ਨਿਵਾਜ਼ੀ ਕਰ ਰਹੀ ਹੈ। ਹਾਰ-ਜਿੱਤ ਦੇ ਇੱਕ ਖੇਡ ਵਿੱਚ ਦੋ ਮੁਰਗਿਆਂ ਦੀਆਂ ਪੌਂ ਬਾਰਾਂ ਹੋ ਗਈਆਂ। ਇਹ ਅਜਬ ਗ਼ਜ਼ਬ ਮਾਮਲਾ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਆਠਨੇਰ ਵਿੱਚ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਦੋ ਮੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਕੁਝ ਲੋਕ ਇਨ੍ਹਾਂ 'ਤੇ ਦਾਅ ਲਾ ਰਹੇ ਸਨ। ਸੱਟਾ ਲਾਉਣ ਵਾਲੇ ਤਾਂ ਪੁਲਿਸ ਨੂੰ ਆਉਂਦਿਆਂ ਵੇਖ ਭੱਜ ਗਏ। ਜਦੋਂ ਪੁਲਿਸ ਨੂੰ ਮੁਲਜ਼ਮ ਨਹੀਂ ਮਿਲੇ ਤਾਂ ਉਹ ਮੁਰਗਿਆਂ ਨੂੰ ਫੜ ਕੇ ਹੀ ਥਾਣੇ ਲੈ ਆਈ। ਆਠਨੇਰੀ ਪੁਲਿਸ ਦੇ ਥਾਣਾ ਮੁਖੀ ਪ੍ਰਵੀਣ ਕੁਮਰੇ ਨੇ ਦੱਸਿਆ ਕਿ 14 ਜਨਵਰੀ ਨੂੰ ਉਨ੍ਹਾਂ ਅਧੀਨ ਆਉਂਦੇ ਪਿੰਡ ਖੈਰੀ ਦੇ ਮੁਰਗਾ ਬਾਜ਼ਾਰ 'ਤੇ ਛਾਪਾ ਮਾਰਿਆ। ਇੱਥੇ ਮੁਰਗਿਆਂ ਦੀ ਲੜਾਈ ਕਰਵਾਈ ਜਾ ਰਹੀ ਸੀ ਤੇ ਜਿੱਤ-ਹਾਰ 'ਤੇ ਸੱਟੇਬਾਜ਼ੀ ਕੀਤੀ ਜਾ ਰਹੀ ਸੀ। ਪੁਲਿਸ ਜਿਵੇਂ ਹੀ ਪਹੁੰਚੀ ਲੋਕ ਭੱਜ ਗਏ। ਪੁਲਿਸ ਨੇ ਉੱਥੋਂ ਨੌਂ ਮੋਟਰਸਾਈਕਲ, ਦੋ ਮੁਰਗੇ ਤੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਨੇ ਕਿਹਾ ਕਿ ਜ਼ਬਤ ਕੀਤਾ ਹੋਇਆ ਮਾਲ ਅਦਾਲਤ ਦੇ ਹੁਕਮ ਤੋਂ ਬਿਨਾ ਛੱਡਿਆ ਨਹੀਂ ਜਾ ਸਕਦਾ। ਇਸ ਲਈ ਪੁਲਿਸ ਨੇ ਮੁਰਗਿਆਂ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ ਤੇ ਉਨ੍ਹਾਂ ਦੇ ਦਾਣਾ ਪਾਣੀ ਦਾ ਇੰਤਜ਼ਾਮ ਵੀ ਪੁਲਿਸ ਕਰ ਰਹੀ ਹੈ।