ਹਿਸਾਰ (ਹਰਿਆਣਾ): ਹਿਸਾਰ ਜ਼ਿਲ੍ਹੇ ਦੇ ਹਾਂਸੀ ਸ਼ਹਿਰ ਦੇ ਇੱਕ ਮੈਰਿਜ ਪੈਲੇਸ ਵਿੱਚ ਸਨਿੱਚਰਵਾਰ ਨੂੰ ਬਿਲਕੁਲ ਕਿਸੇ ਫਿਲਮ ਵਾਂਗ ਡਰਾਮਾ ਹੋਇਆ। ਲਾੜੇ ਤੇ ਲਾੜੀ ਦੇ ਪਰਿਵਾਰਕ ਮੈਂਬਰ ਤੇ ਹੋਰ ਜਾਣਕਾਰ ਵਿਆਹ ਦੀ ਖੁਸ਼ੀ ਵਿੱਚ ਮਗਨ ਸਨ। ਵਰਮਾਲਾ ਦੀ ਰਸਮ ਪੂਰੀ ਹੋ ਗਈ ਤੇ ਸੱਤ ਫੇਰਿਆਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਅਚਾਨਕ ਲਾੜੇ ਦੀ ਗਰਲਫ਼੍ਰੈਂਡ ਪੁਲਿਸ ਸਮੇਤ ਮੌਕੇ 'ਤੇ ਪਹੁੰਚ ਗਈ। ਗੁਰੂਗ੍ਰਾਮ ਤੋਂ ਆਈ ਲੜਕੀ ਨੇ ਦੋਸ਼ ਲਾਇਆ ਕਿ 7 ਸਾਲਾਂ ਤੋਂ ਉਹ ਇਸ ਲੜਕੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਰਹੀ ਹੈ ਤੇ ਲੜਕੇ ਨੇ ਵਿਆਹ ਦਾ ਵਾਅਦਾ ਕੀਤਾ ਸੀ। ਫੇਰ ਕੀ ਸੀ, ਜਿਵੇਂ ਹੀ ਮੁੰਡੇ ਦੀ ਕਰਤੂਤ ਸਾਹਮਣੇ ਆਈ, ਉੱਥੇ ਹੰਗਾਮਾ ਖੜ੍ਹਾ ਹੋ ਗਿਆ। ਵਿਆਹ ਨੂੰ ਰੁਕਵਾਉਣ ਲਈ ਆਈ ਲੜਕੀ ਨੇ ਦੋਸ਼ ਲਾਇਆ ਕਿ ਉਹ ਦੋਵੇਂ ਗੁਰੂਗ੍ਰਾਮ ਵਿੱਚ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦੇ ਹਨ। ਪਿਛਲੇ 7 ਸਾਲਾਂ ਤੋਂ ਲੜਕਾ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਰਿਹਾ ਹੈ ਤੇ ਉਸ ਨੇ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ ਹੈ ਪਰ ਹਾਲ ਹੀ ਵਿੱਚ ਉਸ ਨੂੰ ਪਤਾ ਲੱਗਿਆ ਕਿ ਲੜਕਾ ਵਿਆਹ ਕਰਵਾਉਣ ਜਾ ਰਿਹਾ ਹੈ। ਸਨਿੱਚਰਵਾਰ ਨੂੰ ਵਿਆਹ ਦੀ ਰਸਮ ਜਦੋਂ ਨੈਸ਼ਨਲ ਹਾਈਵੇਅ 'ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਹੋ ਰਹੀ ਸੀ ਤੇ ਇਸ ਦੌਰਾਨ ਲੜਕੀ ਨੇ ਹਾਂਸੀ ਪੁਲਿਸ ਨੂੰ ਬੁਲਾਇਆ ਅਤੇ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਲੜਕੀ ਪੁਲਿਸ ਸਮੇਤ ਮੈਰਿਜ ਪੈਲੇਸ ਪਹੁੰਚੀ ਤੇ ਲਾੜੀ ਸਾਹਮਣੇ ਸਾਹਮਣੇ ਲਾੜੇ ਦੀ ਹਰਕਤ ਦੱਸੀ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਤੋੜਨ ਦਾ ਐਲਾਨ ਕਰ ਦਿੱਤਾ। ਉਸ ਦੇ ਪਿਤਾ ਨੇ ਰੋਂਦਿਆਂ ਆਪਣੀ ਧੀ ਦੇ ਗਲੇ ਵਿਚੋਂ ਮੰਗਲਸੂਤਰ ਅਤੇ ਮਾਲਾ ਤੋੜ ਦਿੱਤੇ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਝਗੜਾ ਹੋ ਗਿਆ ਪਰ ਪੁਲਿਸ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ। ਸਬ ਇੰਸਪੈਕਟਰ ਕਰਮਬੀਰ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।