ਲਾਟਰੀ ਦੁਨੀਆਂ ਭਰ 'ਚ ਚਲਦੀ ਹੈ। ਭਾਰਤ ਤੋਂ ਲੈ ਕੇ ਅਮਰੀਕਾ ਤੱਕ। ਹਰ ਸਾਲ ਲੋਕ ਲਾਟਰੀ ਰਾਹੀਂ ਲੱਖਪਤੀ ਜਾਂ ਕਰੋੜਪਤੀ ਅਤੇ ਇੱਥੋਂ ਤੱਕ ਕਿ ਅਰਬਪਤੀ ਵੀ ਬਣ ਜਾਂਦੇ ਹਨ। ਲਗਭਗ 2 ਮਹੀਨੇ ਪਹਿਲਾਂ ਅਮਰੀਕਾ ਦੇ ਇਲੀਨੋਇਸ ਲਾਟਰੀ 'ਚ ਇੱਕ ਨੰਬਰ ਦਾ ਐਲਾਨ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕਿਸੇ ਨੇ ਲਗਭਗ 10,000 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਪਰ 2 ਮਹੀਨਿਆਂ ਤੋਂ ਇਸ ਲਾਟਰੀ ਦੀ ਰਕਮ ਲਈ ਕਿਸੇ ਨੇ ਦਾਅਵਾ ਨਹੀਂ ਕੀਤਾ। ਪਰ ਹੁਣ 2 ਵਿਅਕਤੀਆਂ ਨੇ ਮਿਲ ਕੇ ਇੰਨੀ ਵੱਡੀ ਰਕਮ ਦੀ ਲਾਟਰੀ ਲਈ ਦਾਅਵਾ ਕੀਤਾ ਹੈ। ਜਾਣੋ ਇਸ ਅਜੀਬ ਕਹਾਣੀ ਬਾਰੇ -


ਅਮਰੀਕੀ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਇਨਾਮ


ਦੋ ਮਹੀਨਿਆਂ ਤੱਕ ਕਿਸੇ ਨੇ ਇਸ ਲਾਟਰੀ 'ਤੇ ਦਾਅਵਾ ਨਹੀਂ ਕੀਤਾ, ਪਰ ਹੁਣ 2 ਲੋਕਾਂ ਨੇ ਇਨਾਮੀ ਰਕਮ ਲਈ ਦਾਅਵਾ ਕੀਤਾ ਹੈ। ਦੱਸ ਦੇਈਏ ਕਿ ਇਹ ਅਮਰੀਕਾ ਦੇ ਲਾਟਰੀ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਇਨਾਮ ਹੈ। ਪਰ 2 ਲੋਕਾਂ ਵੱਲੋਂ ਇਕੱਠੇ ਦਾਅਵਾ ਕਰਨ ਮਗਰੋਂ ਸਾਰੇ ਸਸ਼ੋਪੰਜ 'ਚ ਹਨ। ਇਸ ਦੇ ਲਈ ਇਲੀਨੋਇਸ ਲਾਟਰੀ ਨੇ ਇੱਕ ਹੱਲ ਕੱਢਿਆ ਹੈ। ਹੱਲ ਇਹ ਹੈ ਕਿ ਇਸ ਲਾਟਰੀ ਦਾ ਇਨਾਮ 2 ਲੋਕਾਂ ਵਿਚਕਾਰ ਵੰਡਿਆ ਜਾਵੇਗਾ।


ਜੇਤੂ ਇਹ ਫ਼ੈਸਲਾ ਕਰ ਸਕਦੇ ਹਨ ਕਿ ਪੈਸਿਆਂ ਦਾ ਕੀ ਹੋਵੇਗਾ?


ਇਨ੍ਹਾਂ ਲਾਟਰੀ ਜੇਤੂਆਂ ਨੇ ਆਪਣੀ ਪਛਾਣ ਲੁਕਾਉਣ ਦਾ ਫ਼ੈਸਲਾ ਕੀਤਾ ਹੈ। ਇਨਾਮੀ ਰਾਸ਼ੀ ਲਈ ਦੋਵੇਂ ਜੇਤੂ ਆਪਣੇ ਲਈ ਫ਼ੈਸਲਾ ਕਰ ਸਕਦੇ ਹਨ ਕਿ ਉਹ ਇਨਾਮੀ ਰਾਸ਼ੀ ਨਾਲ ਕੀ ਕਰਨਗੇ? ਇਨਾਮੀ ਟਿਕਟ ਦਾ ਐਲਾਨ 29 ਜੁਲਾਈ ਨੂੰ ਕੀਤਾ ਗਿਆ ਸੀ। ਇਕ ਰਿਪੋਰਟ ਮੁਤਾਬਕ ਲੰਬੇ ਸਮੇਂ ਤੋਂ ਇਨਾਮ ਜੇਤੂ ਦੇ ਸਾਹਮਣੇ ਨਾ ਆਉਣ ਕਾਰਨ ਚਿੰਤਾ ਵਧਣ ਲੱਗੀ ਸੀ, ਕਿਉਂਕਿ ਟਿਕਟ 'ਤੇ ਇਨਾਮ ਦਾ ਦਾਅਵਾ ਕਰਨ ਲਈ ਸਿਰਫ਼ 60 ਦਿਨ ਹੁੰਦੇ ਹਨ।


ਇਸ ਲਈ ਲਾਟਰੀ ਜੇਤੂਆਂ ਨੂੰ ਕਾਨੂੰਨੀ ਅਤੇ ਵਿੱਤੀ ਸਲਾਹਕਾਰਾਂ ਨਾਲ ਸਲਾਹ ਕਰਨ 'ਚ ਸਮਾਂ ਲੱਗਿਆ। ਇਸ ਲਈ ਉਨ੍ਹਾਂ ਨੂੰ ਇਨਾਮੀ ਰਾਸ਼ੀ ਦਾ ਦਾਅਵਾ ਕਰਨ 'ਚ ਇੰਨਾ ਸਮਾਂ ਲੱਗਿਆ। ਦੋਵੇਂ ਜੇਤੂ ਇੱਕ ਵਾਰ 'ਚ ਲਗਭਗ 63 ਅਰਬ ਰੁਪਏ ਦਾ ਇਨਾਮ ਲੈਣਾ ਚਾਹੁੰਦੇ ਹਨ। ਦੂਜਾ ਆਪਸ਼ਨ ਸੀ ਕਿਸ਼ਤਾਂ 'ਚ ਪੈਸੇ ਲੈਣਾ। ਇਸ ਨਾਲ ਉਨ੍ਹਾਂ ਨੂੰ 10,000 ਕਰੋੜ ਰੁਪਏ ਮਿਲਣਗੇ। ਇਹ ਰਕਮ ਇਨ੍ਹਾਂ ਜੇਤੂਆਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਲਿਆਵੇਗੀ।