ਨਵੀਂ ਦਿੱਲੀ: ਪਤੀ-ਪਤਨੀ ਵਿਚਾਲੇ ਬਹਿਸ, ਤਕਰਾਰ ਤੇ ਵਿਵਾਦ ਘਰ-ਘਰ ਦੀ ਕਹਾਣੀ ਹੈ। ਮਾਮੂਲੀ ਝਗੜੇ ਤੋਂ ਬਾਅਦ ਦੋਵਾਂ ਵਿਚਾਲੇ ਜ਼ਿੰਦਗੀ ਫਿਰ ਆਮ ਵਰਗੀ ਹੋ ਜਾਂਦੀ ਹੈ। ਅਜਿਹਾ ਸ਼ਾਇਦ ਹੀ ਕਦੇ ਵੇਖਣ ਨੂੰ ਮਿਲਦਾ ਹੈ ਕਿ ਨਾਰਾਜ਼ਗੀ ਤੇ ਕੜਵਾਹਟ ਭਾਰੂ ਪੈ ਗਈ ਹੋਵੇ ਪਰ ਇਟਲੀ ’ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਪਤੀ-ਪਤਨੀ ਵਿਚਾਲੇ ਕੜਵਾਹਟ ਦੀ ਅਨੋਖੀ ਮਿਸਾਲ ਪੇਸ਼ ਕਰ ਦਿੱਤੀ ਹੈ। 48 ਸਾਲਾ ਪਤੀ ਆਪਣੀ ਪਤਨੀ ਨਾਲ ਥੋੜ੍ਹੀ ਨੋਕ-ਝੋਂਕ ਤੋਂ ਬਾਅਦ ਇੰਨਾ ਗੁੱਸੇ ਹੋ ਗਿਆ ਕਿ ਉਹ ਆਪਣਾ ਗੁੱਸਾ ਸ਼ਾਂਤ ਕਰਨ ਲਈ ਪੈਦਲ ਹੀ ਲੰਮੀ ਯਾਤਰਾ ਉੱਤੇ ਨਿੱਕਲ ਤੁਰਿਆ। ਉਹ ਸੱਤ ਦਿਨ ਲਗਾਤਾਰ ਤੁਰਦਾ ਰਿਹਾ ਤੇ ਪੈਦਲ 418 ਕਿਲੋਮੀਟਰ ਦੂਰ ਨਿਕਲ ਗਿਆ। ਤੇ ਉਸ ਦੌਰਾਨ ਉਸ ਨੂੰ ਇਸ ਦਾ ਕੋਈ ਅਹਿਸਾਸ ਵੀ ਨਹੀਂ ਹੋਇਆ। ਉਹ ਲਗਾਤਾਰ ਤੁਰਦਾ ਹੀ ਰਿਹਾ ਹੈ ਚੱਲਦੇ-ਚੱਲਦੇ ਇੰਨੀ ਦੂਰ ਲੰਘ ਗਿਆ। ਤੁਹਾਨੂੰ ਦੱਸ ਦੇਈਏ ਕਿ ਇਟਲੀ ’ਚ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਕਰਫ਼ਿਊ ਲਾਗੂ ਹੈ। ਸੜਕ ’ਤੇ ਇਕੱਲੇ ਵਿਅਕਤੀ ਨੂੰ ਜਦੋਂ ਪੁਲਿਸ ਨੇ ਰੋਕਿਆ, ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਘਰ ਤੋਂ ਕਿੰਨੀ ਦੂਰ ਆ ਗਿਆ ਹੈ। ਪੁਲਿਸ ਉਸ ਨੂੰ ਫੜ ਕੇ ਥਾਣੇ ਲੈ ਗਈ ਤੇ ਬਾਕਾਇਦਾ ਜਾਂਚ ਕੀਤੀ ਤੇ ਪੂਰੀ ਜਾਣਕਾਰੀ ਹਾਸਲ ਕੀਤੀ। ਜਾਂਚ-ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਪਤਨੀ ਨੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ’ਚ ਦਰਜ ਕਰਵਾਈ ਸੀ। ਜਿਸ ਨੇ ਵੀ ਪਤੀ-ਪਤਨੀ ਦੇ ਮਾਮੂਲੀ ਝਗੜੇ ਦੀ ਇਸ ਇੰਤੇਹਾ ਬਾਰੇ ਸੁਣਿਆ, ਉਹ ਹੈਰਾਨ ਹੋ ਗਿਆ। ਪੁਲਿਸ ਨੇ ਜਿੱਥੇ ਉਸ ਦੇ ਰਹਿਣ, ਖਾਣ-ਪੀਣ ਤੇ ਉਸ ਨੂੰ ਘਰ ਪਹੁੰਚਾਉਣ ਦਾ ਇੰਤਜ਼ਾਮ ਕੀਤਾ, ਉੱਥੇ ਕਰਫ਼ਿਊ ਦੀ ਉਲੰਘਣਾ ਬਦਲੇ ਉਸ ਉੱਤੇ 400 ਯੂਰੋ ਜੁਰਮਾਨਾ ਵੀ ਠੋਕ ਦਿੱਤਾ।