Snake Bite: ਸੱਪ ਦੇ ਵੈਰ ਬਾਰੇ ਕਿੱਸੇ ਤਾਂ ਕਈ ਸੁਣੇ ਹੋਣਗੇ ਪਰ ਇਸ ਅਸਲ ਹਕੀਕਤ ਯੂਪੀ ਦੇ ਫਤਿਹਪੁਰ ਵਿੱਚ ਵੇਖਣ ਨੂੰ ਮਿਲੀ। ਇੱਥੇ 24 ਸਾਲਾ ਵਿਕਾਸ ਦੂਬੇ ਦਾ ਸੱਪ ਲਗਾਤਾਰ ਪਿੱਛਾ ਕਰ ਰਿਹਾ ਹੈ। ਉਸ ਨੂੰ ਹਰ ਹਫ਼ਤੇ ਸੱਪ ਡੱਸਦਾ ਹੈ ਪਰ ਇਲਾਜ ਨਾਲ ਉਹ ਠੀਕ ਵੀ ਹੋ ਜਾਂਦਾ ਹੈ। ਸੱਪ ਤੋਂ ਪ੍ਰੇਸ਼ਾਨ ਹੋ ਕੇ ਉਹ ਆਪਣਾ ਘਰ ਛੱਡ ਕੇ ਆਪਣੀ ਮਾਸੀ ਦੇ ਘਰ ਰਹਿਣ ਲੱਗ ਪਿਆ ਪਰ ਸੱਪ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਸੱਪ ਨੇ ਉੱਥੇ ਪਹੁੰਚ ਕੇ ਵੀ ਉਸ ਨੂੰ ਡੰਗ ਲਿਆ।
ਇਸ ਮਗਰੋਂ ਜਦੋਂ ਉਹ ਆਪਣੇ ਚਾਚੇ ਦੇ ਘਰ ਰਹਿਣ ਚਲਾ ਗਿਆ ਤਾਂ ਇੱਥੇ ਵੀ ਸੱਪ ਨੇ ਡੰਗ ਲਿਆ। ਉਸ ਨੂੰ 34 ਦਿਨਾਂ ਵਿੱਚ ਸੱਪ ਨੇ ਛੇ ਵਾਰ ਡੰਗ ਲਿਆ ਹੈ। ਇਸ ਗੱਲ ਤੋਂ ਡਾਕਟਰ ਵੀ ਹੈਰਾਨ ਹਨ। ਮਾਲਵਾਨ ਥਾਣਾ ਖੇਤਰ ਦੇ ਸੌਰਾ ਵਾਸੀ ਵਿਕਾਸ ਦੂਬੇ ਦਾ ਕਹਿਣਾ ਹੈ ਕਿ ਦੋ ਜੂਨ ਦੀ ਰਾਤ ਨੂੰ ਨੌਂ ਵਜੇ ਮੰਜੇ ਤੋਂ ਉੱਠਦੇ ਸਮੇਂ ਉਸ ਨੂੰ ਪਹਿਲੀ ਵਾਰ ਸੱਪ ਨੇ ਡੰਗਿਆ ਸੀ।
ਇਸ ਮਗਰੋਂ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਲੈ ਗਏ। ਉਹ ਦੋ ਦਿਨ ਉੱਥੇ ਦਾਖਲ ਰਿਹਾ। ਇਲਾਜ ਤੋਂ ਬਾਅਦ ਉਹ ਠੀਕ ਹੋ ਕੇ ਘਰ ਆ ਗਿਆ। 10 ਜੂਨ ਦੀ ਰਾਤ ਨੂੰ 9 ਵਜੇ ਉਸ ਨੂੰ ਫਿਰ ਸੱਪ ਨੇ ਡੰਗ ਲਿਆ। ਹਸਪਤਾਲ ਤੋਂ ਇਲਜ ਮਗਰੋਂ ਉਹ ਫਿਰ ਘਰ ਪਰਤਿਆ ਤਾਂ ਉਸ ਦੇ ਮਨ ਵਿੱਚ ਡਰ ਵੱਸ ਗਿਆ ਤੇ ਉਸ ਨੇ ਵਾਧੂ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਮਗਰੋਂ ਸੱਤ ਦਿਨਾਂ ਬਾਅਦ 17 ਜੂਨ ਨੂੰ ਉਸ ਨੂੰ ਫਿਰ ਘਰ ਦੇ ਅੰਦਰ ਸੱਪ ਨੇ ਡੰਗ ਲਿਆ। ਜਦੋਂ ਉਹ ਬੇਹੋਸ਼ ਹੋਣ ਲੱਗਾ ਤਾਂ ਪਰਿਵਾਰ ਵਾਲੇ ਉਸ ਨੂੰ ਉਸੇ ਹਸਪਤਾਲ ਲੈ ਗਏ। ਇਲਾਜ ਹੋਇਆ ਤੇ ਉਹ ਫਿਰ ਠੀਕ ਹੋ ਗਿਆ। ਚਾਰ ਦਿਨਾਂ ਬਾਅਦ ਹੀ ਉਸ ਨੂੰ ਚੌਥੀ ਵਾਰ ਸੱਪ ਨੇ ਡੰਗ ਲਿਆ। ਹਸਪਤਾਲ ਦੇ ਡਾਕਟਰ ਵੀ ਹੈਰਾਨ ਰਹਿ ਗਏ।
ਰਿਸ਼ਤੇਦਾਰਾਂ ਤੇ ਡਾਕਟਰ ਨੇ ਉਸ ਨੂੰ ਕੁਝ ਦਿਨ ਘਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹ ਰਾਧਾਨਗਰ ਸਥਿਤ ਆਪਣੀ ਮਾਸੀ ਦੇ ਘਰ ਚਲਾ ਗਿਆ। ਬੀਤੇ ਸ਼ੁੱਕਰਵਾਰ ਯਾਨੀ 28 ਜੂਨ ਨੂੰ ਦੇਰ ਰਾਤ ਉਸ ਦੀ ਮਾਸੀ ਦੇ ਘਰ ਉਸ ਨੂੰ ਫਿਰ ਸੱਪ ਨੇ ਡੰਗ ਲਿਆ।
ਹਰ ਵਾਰ ਨੌਜਵਾਨ ਦਾ ਇਲਾਜ ਕਰਨ ਵਾਲੇ ਡਾਕਟਰ ਜਵਾਹਰ ਲਾਲ ਨੇ ਕਿਹਾ ਕਿ ਇਹ ਹੈਰਾਨੀਜਨਕ ਇਤਫ਼ਾਕ ਹੈ। ਹਰ ਵਾਰ ਸੱਪ ਦੇ ਜ਼ਹਿਰ ਦੇ ਟੀਕੇ ਤੇ ਐਮਰਜੈਂਸੀ ਦਵਾਈਆਂ ਦੇ ਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਉਹ ਠੀਕ ਹੋ ਕੇ ਘਰ ਚਲਾ ਜਾਂਦਾ ਹੈ। ਹਰ ਵਾਰ ਉਸ ਦੇ ਸਰੀਰ 'ਤੇ ਸੱਪ ਦੇ ਡੰਗਣ ਦੇ ਸਪੱਸ਼ਟ ਨਿਸ਼ਾਨ ਪਾਏ ਜਾਂਦੇ ਹਨ।
ਇਸ ਦੇ ਨਾਲ ਹੀ ਵਿਕਾਸ ਦੂਬੇ ਦਾ ਕਹਿਣਾ ਹੈ ਕਿ ਉਹ ਪ੍ਰੇਸ਼ਾਨ ਹੈ। ਹਰ ਪਲ ਡਰਿਆ ਰਹਿੰਦਾ ਹੈ। ਉਸ ਨੂੰ ਪਹਿਲਾਂ ਹੀ ਮਹਿਸੂਸ ਹੋਣ ਲੱਗਦਾ ਹੈ ਕਿ ਸੱਪ ਡੰਗਣ ਵਾਲਾ ਹੈ। ਹਰ ਵਾਰ ਇਲਾਜ 'ਤੇ ਵੀ ਪੈਸੇ ਖਰਚ ਹੁੰਦੇ ਹਨ। ਵਿਕਾਸ ਦੇ ਮਾਮਾ ਕਾਮਤਾਨਾਥ ਮੁਤਾਬਕ ਹਰ ਕੋਈ ਚਿੰਤਤ ਹੈ ਕਿ ਇਹ ਕਿਵੇਂ ਹੋ ਰਿਹਾ ਹੈ। ਜਦੋਂ ਵਿਕਾਸ ਨੂੰ ਤੀਸਰੀ ਵਾਰ ਸੱਪ ਨੇ ਡੰਗਿਆ ਤਾਂ ਘਰ ਦੇ ਬਹੁਤ ਸਾਰੇ ਲੋਕ ਸਾਹਮਣੇ ਮੌਜੂਦ ਸਨ ਪਰ ਸੱਪ ਡੰਗ ਕੇ ਚਲਾ ਗਿਆ। ਕਾਫੀ ਭਾਲ ਕੀਤੀ ਗਈ ਪਰ ਸੱਪ ਨਹੀਂ ਮਿਲਿਆ।