Revenge Story: ਗੁਜਰਾਤ ਦੀ ਇਹ ਘਟਨਾ ਥੋੜੀ ਫਿਲਮੀ ਲੱਗਦੀ ਹੈ ਪਰ ਇਹ ਹਕੀਕਤ ਹੈ। 22 ਸਾਲ ਪਹਿਲਾਂ 6 ਸਾਲਾ ਬੇਟੇ ਦੇ ਪਿਤਾ ਨੂੰ ਕਾਰ ਨੇ ਕੁਚਲ ਕੇ ਮਾਰ ਦਿੱਤਾ ਸੀ। ਇਸ ਦੇ ਨਾਲ ਹੀ 6 ਸਾਲ ਦੇ ਬੇਟੇ ਨੇ ਆਪਣੇ ਪਿਤਾ ਦੇ ਕਾਤਲਾਂ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ।


ਉਹ ਸਾਲਾਂ ਤੋਂ ਦੁਸ਼ਮਣ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ ਅਤੇ ਮੌਕਾ ਮਿਲਦੇ ਹੀ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹੈਰਾਨ ਕਰਨ ਵਾਲੀ ਘਟਨਾ ਗੁਜਰਾਤ ਦੇ ਅਹਿਮਦਾਬਾਦ ਵਿੱਚ ਵਾਪਰੀ ਹੈ। 22 ਸਾਲ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਹੁਣ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈ ਲਿਆ ਹੈ। ਆਓ ਤੁਹਾਨੂੰ ਪੂਰੀ ਘਟਨਾ ਬਾਰੇ ਦੱਸਦੇ ਹਾਂ। ਕਹਾਣੀ ਥੋੜੀ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।


ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਇੱਕ ਵਿਅਕਤੀ ਦੀ ਜਾਨ ਲੈ ਲਈ ਗਈ ਹੈ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ 'ਚ ਜੋ ਖੁਲਾਸਾ ਹੋਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ।



ਪੁਲਸ ਮੁਤਾਬਕ ਬੋਲੈਰੋ ਚਾਲਕ ਗੋਪਾਲ ਸਿੰਘ ਨੇ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਉਕਤ ਵਿਅਕਤੀ ਦਾ ਕਤਲ ਕੀਤਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੋਪਾਲ ਸਿੰਘ ਦੇ ਪਿਤਾ ਨੂੰ 22 ਸਾਲ ਪਹਿਲਾਂ ਇੱਕ ਕਾਰ ਨੇ ਕੁਚਲ ਕੇ ਮਾਰ ਦਿੱਤਾ ਸੀ। ਜਾਂਚ ਮੁਤਾਬਕ ਇਸੇ ਤਰ੍ਹਾਂ ਹੀ ਬੇਟੇ ਨੇ ਆਪਣੇ ਦੁਸ਼ਮਣ ਦੀ ਜਾਨ ਵੀ ਲਈ।


ਪੁਲਸ ਅਨੁਸਾਰ ਮੁਲਜ਼ਮ ਗੋਪਾਲ ਸਿੰਘ ਦੇ ਪਿਤਾ ਹਰੀ ਸਿੰਘ ਦਾ ਸਾਲ 2002 ਵਿੱਚ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਗੋਪਾਲ ਸਿੰਘ ਦੇ ਪਿਤਾ ਨੂੰ ਜੈਸਲਮੇਰ 'ਚ ਕਾਰ ਨੇ ਕੁਚਲ ਕੇ ਮਾਰ ਦਿੱਤਾ ਸੀ। ਨਛੱਤਰ ਸਿੰਘ ਭਾਟੀ ਸਮੇਤ ਕਈ ਲੋਕ ਇਸ ਕਤਲੇਆਮ ਵਿੱਚ ਸ਼ਾਮਲ ਸਨ।


ਜ਼ਮਾਨਤ 'ਤੇ ਬਾਹਰ ਆ ਗਿਆ ਸੀ ਪਿਤਾ ਦਾ ਕਾਤਲ 


ਦਰਅਸਲ, ਉਸ ਸਮੇਂ ਦੋਸ਼ੀ ਗੋਪਾਲ ਸਿੰਘ ਦੇ ਪਿਤਾ ਹਰੀ ਸਿੰਘ ਅਤੇ ਉਸ ਦੇ ਭਰਾ ਨੇ ਜੈਸਲਮੇਰ ਵਿੱਚ ਇੱਕ ਹੋਟਲ ਖੋਲ੍ਹਿਆ ਹੋਇਆ ਸੀ। ਇਸੇ ਹੋਟਲ ਵਿੱਚ ਖਾਣੇ ਦੇ ਬਿੱਲ ਨੂੰ ਲੈ ਕੇ ਝਗੜਾ ਹੋਇਆ, ਜੋ ਹਿੰਸਕ ਹੋ ਗਿਆ ਅਤੇ ਫਿਰ ਲੜਾਈ ਦੌਰਾਨ ਹਰੀ ਸਿੰਘ ਨੂੰ ਕਾਰ ਨੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲੇ ਵਿਚ ਨਛੱਤਰ ਸਿੰਘ ਸਣੇ ਹੋਰ ਮੁਲਜ਼ਮਾਂ ਨੂੰ ਸਜ਼ਾ ਤਾਂ ਹੋਈ ਸੀ ਪਰ ਫਿਰ ਨਛੱਤਰ ਸਿੰਘ ਹਾਈ ਕੋਰਟ ਤੋਂ ਜ਼ਮਾਨਤ ’ਤੇ ਬਾਹਰ ਆ ਗਿਆ ਸੀ।



ਰੱਖ ਰਿਹਾ ਸੀ ਦੁਸ਼ਮਣ 'ਤੇ ਨਜ਼ਰ 


ਗੋਪਾਲ 6 ਸਾਲ ਦਾ ਸੀ ਜਦੋਂ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਉਸੇ ਪਲ ਉਸ ਨੇ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਤੋਂ ਉਸ ਘਟਨਾ ਦੀ ਪੂਰੀ ਜਾਣਕਾਰੀ ਲਈ। ਪੋਖਰਣ ਵਿੱਚ ਉਸ ਦੀ ਟਾਇਰਾਂ ਦੀ ਦੁਕਾਨ ਹੈ। ਉਹ ਉਥੋਂ ਕਈ ਵਾਰ ਅਹਿਮਦਾਬਾਦ ਆਇਆ ਅਤੇ ਨਛੱਤਰ ਸਿੰਘ ਬਾਰੇ ਜਾਣਕਾਰੀ ਇਕੱਠੀ ਕੀਤੀ।


ਪੁਲਸ ਮੁਤਾਬਕ ਘਟਨਾ ਵਾਲੇ ਦਿਨ ਨਛੱਤਰ ਸਿੰਘ ਭਾਟੀ ਅਹਿਮਦਾਬਾਦ ਦੇ ਗਿਆਨਬਾਗ ਪਾਰਟੀ ਪਲਾਟ ਤੋਂ ਸਾਈਕਲ 'ਤੇ ਕਿਤੇ ਜਾ ਰਿਹਾ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਬੋਲੈਰੋ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਗਰੋਂ ਪੁਲਸ ਨੇ ਮੁਲਜ਼ਮ ਗੋਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਏਸੀਪੀ ਐਸਐਮ ਪਟੇਲ ਅਨੁਸਾਰ ਗੋਪਾਲ ਨੇ ਯੋਜਨਾ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਘਟਨਾ ਬਦਲਾ ਲੈਣ ਦੀ ਨੀਅਤ ਨਾਲ ਵਾਪਰੀ ਹੈ। ਇਹ 22 ਸਾਲ ਪੁਰਾਣੇ ਜ਼ਖ਼ਮਾਂ ਤੋਂ ਪੈਦਾ ਹੋਈ ਰੰਜ਼ਿਸ਼ ਸੀ। ਏਸੀਪੀ ਐਸਐਮ ਨੇ ਅੱਗੇ ਕਿਹਾ ਕਿ ਇਹ ਕੇਸ ਦਰਸਾਉਂਦਾ ਹੈ ਕਿ ਕੁਝ ਜ਼ਖ਼ਮ ਕਦੇ ਵੀ ਭਰਦੇ ਨਹੀਂ ਹਨ। ਬਦਲੇ ਦੀ ਅਜਿਹੀ ਅੱਗ ਦੇ ਨਤੀਜੇ ਬੇਹੱਦ ਖ਼ਤਰਨਾਕ ਹੁੰਦੇ ਹਨ।